ਨਵੀਂ ਦਿੱਲੀ, 3 ਅਪਰੈਲ
ਮੁਸਲਮਾਨਾਂ ਖ਼ਿਲਾਫ਼ ਵਿਵਾਦਤ ਅਤੇ ਭੜਕਾਊ ਬਿਆਨ ਦੇਣ ਵਾਲੇ ਡਾਸਨਾ ਦੇਵੀ ਮੰਦਰ ਦੇ ਮੁੱਖ ਪੁਜਾਰੀ ਯਤੀ ਨਰਸਿੰਘਨੰਦ ਨੇ ਅੱਜ ਇਕ ਹੋਰ ਬਿਆਨ ਦਾਗ਼ ਕੇ ਨਵਾਂ ਬਿਖੇੜਾ ਕਰ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਜੇਕਰ ਕੋਈ ਮੁਸਲਿਮ ਵਿਅਕਤੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਤਾਂ 50 ਫ਼ੀਸਦੀ ਹਿੰਦੂ ਅਗਲੇ 20 ਸਾਲਾਂ ’ਚ ਮੁਸਲਮਾਨ ਬਣ ਜਾਣਗੇ। ਹਿੰਦੂ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਹਿੰਦੂਆਂ ਨੂੰ ਆਪਣੀ ਹੋਂਦ ਬਚਾਉਣ ਲਈ ਹਥਿਆਰ ਚੁੱਕਣ ਦਾ ਸੱਦਾ ਦਿੱਤਾ।
ਬੁਰਾੜੀ ਮੈਦਾਨ ’ਚ ਹੋਈ ਮਹਾਪੰਚਾਇਤ ਦੀ ਦਿੱਲੀ ਪ੍ਰਸ਼ਾਸਨ ਨੇ ਇਜਾਜ਼ਤ ਨਹੀਂ ਦਿੱਤੀ ਸੀ। ਇਸ ਤੋਂ ਪਹਿਲਾਂ ਜੰਤਰ-ਮੰਤਰ ਅਤੇ ਹਰਿਦੁਆਰ ’ਚ ਅਜਿਹੀਆਂ ਮਹਾਪੰਚਾਇਤਾਂ ਦੌਰਾਨ ਮੁਸਲਮਾਨ ਵਿਰੋਧੀ ਨਾਅਰੇ ਲਾਏ ਗਏ ਸਨ। ਨਰਸਿੰਘਨੰਦ ਹਰਿਦੁਆਰ ’ਚ ਨਫ਼ਰਤੀ ਭਾਸ਼ਣ ਦੇਣ ਦੇ ਕੇਸ ’ਚ ਇਸ ਸਮੇਂ ਜ਼ਮਾਨਤ ’ਤੇ ਹੈ। ਇਥੇ ਅੱਜ ਹੋਈ ਮਹਾਪੰਚਾਇਤ ਦੇ ਨਸ਼ਰ ਹੋ ਰਹੇ ਵੀਡੀਓ ’ਚ ਉਹ ਆਖ ਰਿਹਾ ਹੈ,‘‘ਸਿਰਫ਼ 2029 ਜਾਂ 2034 ਜਾਂ 2039 ’ਚ ਹੀ ਕੋਈ ਮੁਸਲਮਾਨ ਪ੍ਰਧਾਨ ਮੰਤਰੀ ਬਣੇਗਾ। ਕਿਸੇ ਮੁਸਲਮਾਨ ਦੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ’ਤੇ 50 ਫ਼ੀਸਦੀ ਹਿੰਦੂ ਧਰਮ ਬਦਲ ਲੈਣਗੇ, 40 ਫ਼ੀਸਦੀ ਮਾਰੇ ਜਾਣਗੇ ਅਤੇ ਬਾਕੀ ਦੇ 10 ਫ਼ੀਸਦੀ ਹਿੰਦੂ ਸ਼ਰਨਾਰਥੀ ਕੈਂਪਾਂ ਜਾਂ ਹੋਰ ਮੁਲਕਾਂ ’ਚ ਅਗਲੇ 20 ਸਾਲਾਂ ਲਈ ਪਨਾਹ ਲੈਣਗੇ। ਇਹ ਹਿੰਦੂਆਂ ਦਾ ਭਵਿੱਖ ਹੋਵੇਗਾ। ਜੇਕਰ ਤੁਸੀਂ ਅਜਿਹਾ ਭਵਿੱਖ ਨਹੀਂ ਚਾਹੁੰਦੇ ਹੋ ਤਾਂ ਫਿਰ ਮਰਦ ਬਣ ਕੇ ਹਥਿਆਰ ਚੁੱਕੋ।’’ ਖ਼ਬਰ ਏਜੰਸੀ ਵੀਡੀਓ ਦੀ ਸਚਾਈ ਦਾ ਪਤਾ ਨਹੀਂ ਲਾ ਸਕੀ ਹੈ। -ਪੀਟੀਆਈ