ਮੁੰਬਈ, 8 ਜੂਨ
ਐਨਫੋਰਸਮੈੱਂਟ ਡਾਇਰੈਕਟੋਰੇਟ(ਈਡੀ) ਨੇ ਅੱਜ ਯਸ ਬੈਂਕ ਮਾਮਲੇ ਵਿੱਚ ਮੁੰਬਈ ਵਿੱਚ ਕੌਕਸ ਐਂਡ ਕਿੰਗਸ ਦੇ ਪੰਜ ਦਫ਼ਤਰਾਂ ’ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਏਜੰਸੀ ਨੇ ਪੀਐੱਮਐੱਲਏ ਤਹਿਤ ਇਹ ਛਾਪੇ ਮਾਰੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੌਕਸ ਐਂਡ ਕਿੰਗਸ ਯਸ ਬੈਂਕ ਦਾ ਸਿਖਰਲਾ ਕਰਜ਼ਦਾਰ ਸੀ ਅਤੇ ਬੈਂਕ ਨੇ ਕੰਪਨੀ ਨੂੰ 2260 ਕਰੋੜ ਦਾ ਕਰਜ਼ ਦਿੱਤਾ ਸੀ। ਉਨ੍ਹਾਂ ਕਿਹਾ ਕਿ ਤਲਾਸ਼ੀ ਦਾ ਉਦੇਸ਼ ਮਾਮਲੇ ਵਿੱਚ ਵਧੇਰੇ ਸਬੂਤ ਇਕੱਠਾ ਕਰਨਾ ਹੈ। ਇਸ ਤਹਿਤ ਕੰਪਨੀ ਦੇ ਪੰਜ ਦਫ਼ਤਰਾਂ ’ਤੇ ਛਾਪੇ ਮਾਰੇ ਗਏ। ਈਡੀ ਕਥਿਤ ਧੋਖਾਧੜੀ ਮਾਮਲੇ ਵਿੱਚ ਯਸ ਬੈਂਕ ਅਤੇ ਕਈ ਹੋਰਨਾਂ ਕਾਰਪੋਰੇਟ ਸਮੂਹਾਂ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ਨੂੰ ਬੈਂਕ ਵੱਲੋਂ ਦਿੱਤੀ ਗਈ ਵੱਡੀ ਕਰਜ਼ੇ ਦੀ ਰਕਮ ਨਾ ਵਸੂਲਣ ਵਾਲੀ ਰਕਮ ਬਣ ਗਈ ਹੈ। ਯਸ ਬੈਂਕ ਦੇ ਬਾਨੀ ਰਾਣਾ ਕਪੂਰ ਨੂੰ ਮਾਰਚ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹਾਲ ਹੀ ਵਿੱਚ ਮੁੰਬਈ ਦੀ ਵਿਸ਼ੇਸ਼ ਆਦਲਤ ਵਿੱਚ ਉਸ ਖਿਲਾਫ਼ ਚਲਾਨ ਪੇਸ਼ ਕੀਤਾ ਗਿਆ ਹੈ।