ਮੁੰਬਈ: ਸੀਬੀਆਈ ਨੇ ਯੈੱਸ ਬੈਂਕ-ਡੀਐੱਚਐੱਫਐੱਲ ਘੁਟਾਲੇ ਦੇ ਸਬੰਧ ’ਚ ਮੁੰਬਈ ਤੇ ਪੁਣੇ ’ਚ ਮਾਰੇ ਛਾਪਿਆਂ ਦੌਰਾਨ ਤਿੰਨ ਮੁੱਖ ਰਿਐਲਟਰਾਂ- ਸ਼ਾਹਿਦ ਬਲਵਾ, ਅਵਿਨਾਸ਼ ਭੌਂਸਲੇ ਤੇ ਵਿਨੋਦ ਗੋਇਨਕਾ ਦੇ ਟਿਕਾਣਿਆਂ ਤੋਂ ਲੋੜੀਂਦੇ ਦਸਤਾਵੇਜ਼ ਕਬਜ਼ੇ ’ਚ ਲੈ ਲਏ ਹਨ। ਏਜੰਸੀ ਨੇ ਤਿੰਨ ਦਿਨ ਪਹਿਲਾਂ ਰੇਡੀਅਸ ਡਿਵੈਲਪਰਜ਼ ਦੇ ਸੰਜੈ ਛਾਬੜੀਆ ਨੂੰ ਹਿਰਾਸਤ ’ਚ ਲਿਆ ਸੀ, ਜਿਸ ਤੋਂ ਕੀਤੀ ਪੁੱਛਗਿੱਛ ਤੋਂ ਬਾਅਦ ਇਹ ਛਾਪੇ ਮਾਰੇ ਗਏ ਹਨ। ਸੂਤਰ ਮੁਤਾਬਕ,‘ਭੌਂਸਲੇ, ਗੋਇਨਕਾ ਤੇ ਬਲਵਾ ਕਥਿਤ ਤੌਰ ’ਤੇ ਆਪਣੀਆਂ ਇਨ੍ਹਾਂ ਫਰਮਾਂ ਦੀ ਵਰਤੋਂ ਵਿਆਜ ਦੇ ਪੈਸਿਆਂ ਨੂੰ ਅੱਗੇ ਭੇਜਣ ’ਚ ਕਰਦੇ ਸਨ। ਇਸ ਲਈ ਇਨ੍ਹਾਂ ਦੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ ਗਏ।’ ਸੂਤਰ ਮੁਤਾਬਕ ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਮਾਰੇ ਛਾਪਿਆਂ ਦੌਰਾਨ ਕੁਝ ਇਤਰਾਜ਼ਯੋਗ ਦਸਤਾਵੇਜ਼, ਡਿਜੀਟਲ ਤੇ ਦਸਤਾਵੇਜ਼ੀ ਸਬੂਤ ਇਕੱਤਰ ਕੀਤੇ ਹਨ। ਸੀਬੀਆਈ ਨੇ ਕੁਝ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ ਹੈ। ਸੂਤਰਾਂ ਮੁਤਾਬਕ ਇਸ ਕੇਸ ਵਿੱਚ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ। -ਆਈਏਐੱਨਐੱਸ