ਮੁੰਬਈ, 4 ਸਤੰਬਰ
ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਦੀ ਪਤਨੀ ਤੇ ਧੀ ਨੂੰ ਕਰਜ਼ਦਾਤਾ ਡੀਐੱਚਐੱਫਐੱਲ ਨਾਲ ਸਬੰਧਤ ਇੱਕ ਕੇਸ ’ਚ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਕਪੂਰ ਦੀ ਪਤਨੀ ਬਿੰਦੂ ਅਤੇ ਬੇਟੀ ਰਾਧਾ ਨੂੰ ਹਾਲ ’ਚ ਕੇਂਦਰੀ ਜਾਂਚ ਬਿਊਰੋ ਵੱਲੋਂ ਦਾਇਰ ਇੱਕ ਸਪਲੀਮੈਂਟਰੀ ਦੋਸ਼ ਪੱਤਰ ’ਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ, ਹਾਲਾਂਕਿ ਇਸ ਮਾਮਲੇ ’ਚ ਦੋਵਾਂ ਨੂੰ ਕਦੇ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਅਦਾਲਤ ਨੇ ਦੋਸ਼ ਪੱਤਰ ਦਾ ਨੋਟਿਸ ਲੈਂਦਿਆਂ ਮੁਲਜ਼ਮਾਂ ਨੂੰ ਤਲਬ ਕੀਤਾ ਸੀ ਅਤੇ ਦੋਨੋਂ ਮਾਂ ਬੇਟੀ ਸ਼ਨਿਚਰਵਾਰ ਨੂੰ ਅਦਾਲਤ ’ਚ ਪੇਸ਼ ਹੋਈਆਂ। ਬਿੰਦੂ ਤੇ ਰਾਧਾ ਨੇ ਜ਼ਮਾਨਤ ਲਈ ਦਾਇਰ ਪਟੀਸ਼ਨਾਂ ’ਚ ਦਲੀਲ ਦਿੱਤੀ ਸੀ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਲੋੜ ਨਹੀਂ ਹੈ ਕਿਉਂਕਿ ਸੀਬੀਆਈ ਨੇ ਜਾਂਚ ਦੌਰਾਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤੇ ਬਗ਼ੈਰ ਹੀ ਦੋਸ਼ ਪੱਤਰ ਦਾਖਲ ਕੀਤਾ ਸੀ। ਜਾਂਚ ਏਜੰਸੀ ਨੇ ਪਟੀਸ਼ਨਾਂ ’ਤੇ ਜਵਾਬ ਲਈ ਸਮਾਂ ਮੰਗਿਆ, ਜਿਸ ’ਤੇ ਅਦਾਲਤ ਨੇ ਦੋਨਾਂ ਨੂੰ ਅੰਤਰਿਮ ਜ਼ਮਾਨਤ ਦੀ ਅਪੀਲ ਮਨਜ਼ੂਰ ਕਰ ਲਈ। -ਪੀਟੀਆਈ