ਨਵੀਂ ਦਿੱਲੀ, 30 ਅਪਰੈਲ
ਸੀਬੀਆਈ ਵੱਲੋਂ ਕੁਝ ਉੱਘੇ ਬਿਲਡਰਾਂ ਜਿਨ੍ਹਾਂ ਵਿਚ ਅਸ਼ਿਵਨੀ ਭੌਂਸਲੇ, ਸ਼ਾਹਿਦ ਬਲਵਾ ਤੇ ਵਿਨੋਦ ਗੋਇਨਕਾ ਸ਼ਾਮਲ ਹਨ, ਦੇ ਮੁੰਬਈ ਤੇ ਪੁਣੇ ਸਥਿਤ 8 ਟਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਹ ਮਾਮਲਾ ਡੀਐਚਐਫਐਲ-ਯੈੱਸ ਬੈਂਕ ਭ੍ਰਿਸ਼ਟਾਚਾਰ ਕੇਸ ਨਾਲ ਜੁੜਿਆ ਹੋਇਆ ਹੈ। ਸੀਬੀਆਈ ਨੂੰ ਸ਼ੱਕ ਹੈ ਕਿ ਇਨ੍ਹਾਂ ਦੀਆਂ ਕੰਪਨੀਆਂ ਨੂੰ ਕਥਿਤ ਤੌਰ ’ਤੇ ਯੈੱਸ ਬੈਂਕ-ਡੀਐਚਐਫਐਲ ਕਰਜ਼ਾ ਕੇਸ ਵਿਚਲੇ ਗੈਰਕਾਨੂੰਨੀ ਪੈਸਿਆਂ ਨੂੰ ਅੱਗੇ ਭੇਜਣ ਲਈ ਵਰਤਿਆ ਗਿਆ ਹੈ। ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਨਾਲ ਜੁੜੇ ਕੇਸ ਵਿਚ ਸੀਬੀਆਈ ਹੁਣ ਇਨ੍ਹਾਂ ਦੇ ਦਰਵਾਜ਼ੇ ਉਤੇ ਪਹੁੰਚੀ ਹੈ ਜਦਕਿ ਕੇਸ 2020 ਵਿਚ ਦਰਜ ਕੀਤਾ ਗਿਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਹਾਲੇ ਇਨ੍ਹਾਂ ਲੋਕਾਂ ਦੀ ਭੂਮਿਕਾ ਬਾਰੇ ਸਾਫ਼ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ। -ਪੀਟੀਆਈ