ਬੰਗਲੂਰੂ, 16 ਜੂਨ
ਕਰਨਾਟਕ ਭਾਜਪਾ ਦੇ ਪ੍ਰਧਾਨ ਨਲਿਨ ਕੁਮਾਰ ਕਤੀਲ ਨੇ ਸੂਬੇ ਦੀ ਲੀਡਰਸ਼ਿਪ ਵਿੱਚ ਬਦਲਾਅ ਦੀਆਂ ਸੰਭਾਵਨਾਵਾਂ ਨੂੰ ਇਕ ਵਾਰ ਫੇਰ ਖਾਰਜ ਕਰ ਦਿੱਤਾ ਹੈ। ਹਾਲਾਂਕਿ ਸੂਬਾ ਸਰਕਾਰ ’ਚ ਸੀਨੀਅਰ ਮੰਤਰੀ ਕੇ.ਐੱਸ.ਈਸ਼ਵਰੱਪਾ ਨੇ ਮੰਨਿਆ ਕਿ ਪਾਰਟੀ ਵਿਚਲੇ ਇਕ ਧੜੇ ਦਾ ਵਿਚਾਰ ਹੈ ਕਿ ਮੁੱਖ ਮੰਤਰੀ ਬੀ.ਐੱਸ.ਯੇਦੀਯੁਰੱਪਾ ਨੂੰ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ। ਕਤੀਲ ਨੇ ਉਪਰੋਕਤ ਬਿਆਨ ਅਜਿਹੇ ਮੌਕੇ ਦਿੱਤਾ ਹੈ ਜਦੋਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਤੇ ਕਰਨਾਟਕ ਮਾਮਲਿਆਂ ਦੇ ਇੰਚਾਰਜ ਅਰੁਣ ਸਿੰਘ ਦੀ ਅੱਜ ਤੋਂ ਸੂਬੇ ਦੀ ਤਿੰਨ ਰੋਜ਼ਾ ਫੇਰੀ ਸ਼ੁਰੂ ਹੋ ਗਈ ਹੈ। ਕਤੀਲ ਨੇ ਪੱਤਰਕਾਰਾਂ ਨੂੰ ਦੱਸਿਆ, ‘ਲੀਡਰਸ਼ਿਪ ਵਿੱਚ ਬਦਲਾਅ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੁੱਖ ਮੰਤਰੀ ਯੇਦੀਯੁਰੱਪਾ ਅਗਲੇ ਦੋ ਸਾਲਾਂ ਲਈ ਇਸ ਅਹੁਦੇ ’ਤੇ ਬਣੇ ਰਹਿਣਗੇ।’ ਉਧਰ ਪੇਂਡੂ ਵਿਕਾਸ ਮੰਤਰੀ ਕੇ.ਐੱਸ.ਈਸ਼ਵਰੱਪਾ ਨੇ ਕਿਹਾ ਕਿ ਪਾਰਟੀ ਅੰਦਰੋਂ ਹੀ ਮੁੱਖ ਮੰਤਰੀ ਨੂੰ ਬਦਲੇ ਜਾਣ ਦੀ ਤਜਵੀਜ਼ ਰੱਖੀ ਗਈ ਹੈ।’ ਈਸ਼ਵਰੱਪਾ ਨੇ ਹਾਲਾਂਕਿ ਆਸ ਜਤਾਈ ਕਿ ਸਾਰੇ ਮੁੱਦਿਆਂ ਨੂੰ ਸੁਲਝਾਅ ਲਿਆ ਜਾਵੇਗਾ, ਕਿਉਂਕਿ ਅਰੁਣ ਸਿੰਘ ਮੰਤਰੀਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਮਿਲ ਕੇ ਉਨ੍ਹਾਂ ਦੀ ਰਾਇ ਜਾਣਨ ਮਗਰੋਂ ਅੱਗੇ ਇਸ ਨੂੰ ਕੇਂਦਰੀ ਹਾਈ ਕਮਾਨ ਨਾਲ ਸਾਂਝਿਆਂ ਕਰਨਗੇ।
ਕਰਨਾਟਕ ਭਾਜਪਾ ਦੇ ਸਾਬਕਾ ਪ੍ਰਧਾਨ ਈਸ਼ਵਰੱਪਾ ਨੇ 31 ਮਾਰਚ ਨੂੰ ਰਾਜਪਾਲ ਨਾਲ ਮੁਲਾਕਾਤ ਕਰਕੇ ਪੰਜ ਸਫ਼ਿਆਂ ਦਾ ਪੱਤਰ ਸੌਂਪਿਆ ਸੀ, ਜਿਸ ਵਿੱਚ ਗੰਭੀਰ ਖਾਮੀਆਂ ਵੱਲ ਧਿਆਨ ਦਿਵਾਇਆ ਗਿਆ ਸੀ। -ਪੀਟੀਆਈ