ਬੰਗਲੁਰੂ, 8 ਅਗਸਤ
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਵਰਤਮਾਨ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਬੇਨਤੀ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਕੈਬਨਿਟ ਰੈਂਕ ਦੇਣ ਬਾਰੇ ਦਿੱਤਾ ਹੁਕਮ ਵਾਪਸ ਲੈ ਲੈਣ। ਯੇਦੀਯੁਰੱਪਾ ਨੇ ਕਿਹਾ ਕਿ ਉਹ ਸਿਰਫ਼ ਉਹੀ ਸਹੂਲਤਾਂ ਲੈਣਾ ਚਾਹੁੰਦੇ ਹਨ ਜੋ ਇਕ ਸਾਬਕਾ ਮੁੱਖ ਮੰਤਰੀ ਨੂੰ ਮਿਲਦੀਆਂ ਹਨ। ਬੋਮਈ ਨੇ ਸ਼ਨਿਚਰਵਾਰ ਹੁਕਮ ਜਾਰੀ ਕਰ ਕੇ ਯੇਦੀਯੁਰੱਪਾ ਨੂੰ ਮੰਤਰੀ ਦਾ ਦਰਜਾ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਯੇਦੀਯੁਰੱਪਾ ਨੇ 26 ਜੁਲਾਈ ਨੂੰ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦੇ ਮੁੱਖ ਮੰਤਰੀ ਵਜੋਂ ਦੋ ਵਰ੍ਹੇ ਵੀ ਇਸ ਦਿਨ ਪੂਰੇ ਹੋਏ ਸਨ। ਅਸਤੀਫ਼ੇ ਤੋਂ ਦੋ ਦਿਨ ਬਾਅਦ ਯੇਦੀਯੁਰੱਪਾ ਨੇ ਮੁੱਖ ਮੰਤਰੀ ਵਜੋਂ ਬੋਮਈ ਦੇ ਨਾਂ ਦੀ ਤਜਵੀਜ਼ ਰੱਖੀ ਸੀ। -ਪੀਟੀਆਈ