ਬੰਗਲੁਰੂ, 22 ਅਪਰੈਲ
ਕਰਨਾਟਕ ਦੇ ਮੁੱਖ ਮੰਤਰੀ ਨੂੰ ਵੀਰਵਾਰ ਨੂੰ ਇੱਥੋਂ ਦੇ ਨਿੱਜੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇੱਥੇ ਉਹ ਕੋਵਿਡ-19 ਦਾ ਇਲਾਜ ਕਰਾ ਰਹੇ ਸਨ। ਮੁੱਖ ਮੰਤਰੀ ਨੇ ਕਰੋਨਾ ਮਹਾਮਾਰੀ ਬਾਰੇ ਵਿਚਾਰ ਵਟਾਂਦਰੇ ਲਈ ਵੀਰਵਾਰ ਸ਼ਾਮ 4 ਵਜੇ ਆਪਣੇ ਕੈਬਨਿਟ ਮੰਤਰੀਆਂ ਦੀ ਇੱਕ ਬੈਠਕ ਬੁਲਾਈ ਹੈ। ਉਨ੍ਹਾਂ ਦੇ ਦਫ਼ਤਰ ਨੇ ਦੱਸਿਆ ਕਿ ਯੇਦੀਯੁਰੱਪਾ ਨੂੰ ਬੰਗਲੁਰੂ ਦੇ ਮਨੀਪਾਲ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ, ਜਿੱਥੇ ਉਨ੍ਹਾਂ ਦਾ ਪਿਛਲੇ ਛੇ ਦਿਨਾਂ ਤੋਂ ਇਲਾਜ ਚੱਲ ਰਿਹਾ ਸੀ। ਡਿਸਚਾਰਜ ਹੋਣ ਤੋਂ ਮਗਰੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਤੰਦਰੁਸਤ ਹੋ ਕੇ ਆਏ ਹਨ। ਉਨ੍ਹਾਂ ਵੱਲੋਂ ਮੰਤਰੀਆਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਜਾ ਕੇ ਕੋਵਿਡ-19 ਨੂੰ ਕੰਟਰੋਲ ਕਰਨ ਲਈ ਲੋੜੀਂਦੇ ਕਦਮ ਚੁੱਕਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਪਿਛਲੇ ਚਾਰ ਦਿਨਾਂ ਤੋਂ ਮੁੱਖ ਸਕੱਤਰ ਪੀ ਰਵੀ ਕੁਮਾਰ ਅਤੇ ਕਾਨੂੰਨ ਮੰਤਰੀ (ਬਸਵਾਰਾਜ ਬੋਮਈ) ਨਾਲ ਲਗਾਤਾਰ ਸੰਪਰਕ ਵਿੱਚ ਰਹੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਪ੍ਰਤੀ ਸਖ਼ਤ ਸਾਵਧਾਨੀਆਂ ਵਰਤਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਰੋਨਾ ਕਾਰਨ ਸਥਿਤੀ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ ਅਤੇ ਅਸੀਂ ਅਜਿਹੀ ਸਥਿਤੀ ਵਿੱਚ ਪਹੁੰਚੇ ਹਾਂ ਜਿੱਥੇ ਇਸ ਨੂੰ ਕਾਬੂ ਕਰਨ ਵਿੱਚ ਅਸਮਰੱਥ ਹਾਂ। ਉਨ੍ਹਾਂ ਕਿਹਾ ਕਿ ਦੋ ਤੋਂ ਤਿੰਨ ਵਿਅਕਤੀ ਇੱਕ ਘਰ ਵਿੱਚ ਪਾਜ਼ੇਟਿਵ ਹੋ ਰਹੇ ਹਨ। ਮਾਸਕ ਪਹਿਨ ਕੇ ਅਤੇ ਦੂਰੀ ਬਣਾਉਣ ਨਾਲ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ 78 ਸਾਲਾ ਯੇਦੀਯੁਰੱਪਾ ਨੂੰ 16 ਅਪਰੈਲ ਨੂੰ ਕਰੋਨਾ ਪਾਜ਼ੇਟਿਵ ਆਉਣ ਮਗਰੋਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਹ ਅੱਠ ਮਹੀਨੇ ਵਿੱਚ ਦੂਜੀ ਵਾਰ ਕਰੋਨਾ ਪਾਜ਼ੇਟਿਵ ਹੋਏ ਹਨ। ਇਸ ਤੋਂ ਪਹਿਲਾਂ ਉਹ ਪਿਛਲੇ ਸਾਲ ਦੋ ਅਗਸਤ ਨੂੰ ਕਰੋਨਾ ਪਾਜ਼ੇਟਿਵ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਹੋਏ ਸਨ ਅਤੇ ਨੌਂ ਦਿਨਾਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲੀ ਸੀ। -ਪੀਟੀਆਈ