ਨਵੀਂ ਦਿੱਲੀ, 26 ਜੁਲਾਈ
ਪਿਛਲੇ ਪੰਜ ਦਿਨਾਂ ਤੋਂ ਤਿਹਾੜ ਜੇਲ੍ਹ ਵਿੱਚ ਭੁੱਖ ਹੜਤਾਲ ’ਤੇ ਬੈਠੇ ਕਸ਼ਮੀਰੀ ਵੱਖਵਾਦੀ ਆਗੂ ਯਾਸੀਨ ਮਲਿਕ ਨੂੰ ਤਰਲ ਖੁਰਾਕ ਦਿੱਤੀ ਜਾ ਰਹੀ ਹੈ ਤੇ ਡਾਕਟਰ ਉਸ ਦੀ ਸਿਹਤ ਦਾ ਲਗਾਤਾਰ ਮੁਆਇਨਾ ਕਰ ਰਹੇ ਹਨ। ਦੱਸਣਾ ਬਣਦਾ ਹੈ ਕਿ ਪਾਬੰਦੀਸ਼ੁਦਾ ਜੰਮੂ ਕਸ਼ਮੀਰ ਲਬਿਰੇਸ਼ਨ ਫਰੰਟ (ਜੇਕੇਐੱਲਐੱਫ) ਦੇ ਮੁਖੀ ਮਲਿਕ (56) ਨੇ ਰੁਬੱਈਆ ਸਈਦ ਅਗਵਾ ਕੇਸ, ਜਿਸ ਵਿੱਚ ਉਹ ਮੁਲਜ਼ਮ ਹੈ, ਦੀ ਜੰਮੂ ਕੋਰਟ ਵਿੱਚ ਚੱਲ ਰਹੀ ਸੁਣਵਾਈ ਵਿੱਚ ਸਰੀਰਕ ਤੌਰ ’ਤੇ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ। ਕੇਂਦਰ ਸਰਕਾਰ ਵੱਲੋਂ ਕੋਈ ਹਾਮੀ ਨਾ ਭਰੇ ਜਾਣ ਮਗਰੋਂ ਮਲਿਕ ਨੇ ਸ਼ੁੱਕਰਵਾਰ ਸਵੇਰ ਤੋਂ ਅਣਮਿੱਥੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ।ਮਲਿਕ ਨੂੰ ਤਿਹਾੜ ਦੀ ਜੇਲ੍ਹ ਨੰਬਰ 7 ਵਿੱਚ ਉੱਚ ਜੋਖ਼ਮ ਵਾਲੇ ਸੈੱਲ (ਕੋਠੜੀ) ਵਿੱਚ ਹੋਰਨਾਂ ਨਾਲੋਂ ਵੱਖ ਰੱਖਿਆ ਗਿਆ ਸੀ। ਭੁੱਖ ਹੜਤਾਲ ਮਗਰੋਂ ਹੁਣ ਉਸ ਨੂੰ ਜੇਲ੍ਹ ਦੇ ਮੈਡੀਕਲ ਜਾਂਚ ਵਾਲੇ ਕਮਰੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਜਿੱਥੇ ਡਾਕਟਰ ਉਸ ਦੀ ਸਿਹਤ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਜੇਕੇਐੱਲਐੱਫ ਮੁਖੀ ਦਹਿਸ਼ਤੀ ਫੰਡਿੰਗ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਜੇਲ੍ਹ ਅਧਿਕਾਰੀ ਨੇ ਕਿਹਾ, ‘‘ਸ਼ੁੱਕਰਵਾਰ ਸਵੇਰ ਨੂੰ ਮਲਿਕ ਨੇ ਕੁਝ ਵੀ ਖਾਣ ਤੋਂ ਨਾਂਹ ਕਰ ਦਿੱਤੀ ਸੀ। ਉਹ ਅਜੇ ਵੀ ਭੁੱਖ ਹੜਤਾਲ ’ਤੇ ਹੈ ਅਤੇ ਡਾਕਟਰਾਂ ਵੱਲੋਂ ਲਗਾਤਾਰ ਉਸ ਦੀ ਸਿਹਤ ਦਾ ਮੁਆਇਨਾ ਕੀਤਾ ਜਾ ਰਿਹੈ। ਐਤਵਾਰ ਤੋਂ ਹੁਣ ਤੱਕ ਉਸ ਨੂੰ ਤਰਲ ਖੁਰਾਕ ਦਿੱਤੀ ਜਾ ਰਹੀ ਹੈ।’’ -ਪੀਟੀਆਈ