ਨਵੀਂ ਦਿੱਲੀ/ਜਨੇਵਾ
ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਕਰੋਨਾ ਲਾਗ ਉਭਾਰ ਦੇ ਚੱਲਦਿਆਂ ਵਿਸ਼ਵ ਆਰਥਿਕ ਫੋਰਮ (ਡਬਲਿਊਈਐੱਫ) ਨੇ ਸੋਮਵਾਰ ਨੂੰ ਸਾਲ 2021 ਦੀ ਆਪਣੀ ਸਾਲਾਨਾ ਹਾਈ ਪ੍ਰੋਫਾਈਲ ਮੀਟੰਗ ਰੱਦ ਕਰਨ ਦਾ ਐਲਾਨ ਕੀਤਾ ਹੈ। ਇਹ ਮੀਟਿੰਗ ਪਹਿਲਾਂ ਦੋ ਵਾਰ ਮੁਲਤਵੀ ਕੀਤੀ ਜਾ ਚੁੱਕੀ ਸੀ। ਇਸ ਵਰ੍ਹੇ ਇਹ ਮੀਟਿੰਗ ਪਹਿਲਾਂ ਜਨਵਰੀ ਮਹੀਨੇ ਦਾਵੋਸ ਵਿੱਚ ਹੋਣੀ ਸੀ ਪਰ ਬਾਅਦ ਵਿੱਚ ਸਵਿਟਜ਼ਰਲੈਂਡ, ਲੂਸਰਨ ਅਤੇ ਫਿਰ ਸਿੰਗਾਪੁਰ ਆਦਿ ਸਥਾਨ ਬਦਲਦਿਆਂ ਕਰਦਿਆਂ ਇਹ ਮੀਟਿੰਗ ਅਗਸਤ 2021 ’ਚ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਸੀ। ਜਨੇਵਾ ਅਧਾਰਿਤ ਸੰਸਥਾ ਨੇ ਦੱਸਿਆ ਕਿ ਡਬਲਿਊਈਐੱਫ ਦੀ ਅਗਲੀ ਮੀਟਿੰਗ ਹੁਣ 2022 ਦੇ ਪਹਿਲੇ ਅੱਧ ਹੋਵੇਗੀ ਜਦਕਿ ਮੀਟਿੰਗ ਦਾ ਸਮਾਂ ਅਤੇ ਸਥਾਨ ਗਰਮੀਆਂ ਦੇ ਇਸ ਮੌਸਮ ਤੋਂ ਬਾਅਦ ਹਾਲਾਤ ਦਾ ਜਾਇਜ਼ਾ ਲੈਣ ਮਗਰੋਂ ਤੈਅ ਕੀਤੇ ਜਾਣਗੇ। ਇੱਕ ਐਡਵਾਈਜ਼ਰੀ ’ਚ ਡਬਲਿਊਈਐੱਫ ਨੇ ਕਿਹਾ ਕਿ ਹੁਣ ਤੋਂ ਠੀਕ ਤਿੰਨ ਮਹੀਨ ਬਾਅਦ ਸਿੰਗਾਪੁਰ ’ਚ ਇੱਕ ਵਿਸ਼ੇਸ਼ ਮੀਟਿੰਗ ਕਰਨ ਤਿਆਰੀ ਕੀਤੀ ਜਾ ਰਹੀ ਹੈ। -ਏਜੰਸੀ