ਤਿਰੂਵਨੰਤਪੁਰਮ, 26 ਮਈ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਕਿਹਾ ਕਿ ਕੰਮਕਾਜੀ ਜਮਾਤ ’ਚ ਔਰਤਾਂ ਦੀ ਸ਼ਮੂਲੀਅਤ ਦੀ ਦਰ ਉਨ੍ਹਾਂ ਦੀ ਸਮਰੱਥਾ ਦੇ ਨੇੜੇ-ਤੇੜੇ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸਾਡੇ ਸਮਾਜ ਵੱਲੋਂ ਮਿੱਥੀਆਂ ਗਈਆਂ ਹੱਦਾਂ ਕਰ ਕੇ ਹੈ ਤੇ ਪੂਰੇ ਸੰਸਾਰ ਵਿਚ ਅਜਿਹੇ ਸਮਾਜੀ ਬੰਧਨਾਂ ਕਰ ਕੇ ਕੰਮਕਾਜੀ ਔਰਤਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਲੋਕਾਂ ਦੀ ਇਸ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ। ਸੰਸਦ ਤੇ ਵਿਧਾਨ ਸਭਾਵਾਂ ਵਿਚ ਔਰਤਾਂ ਲਈ 33 ਫ਼ੀਸਦ ਰਾਖ਼ਵੇਂਕਰਨ ਦੀ ਮੰਗ ਦੇ ਸੰਦਰਭ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੀਆਂ ਵੱਖ-ਵੱਖ ਵਿਧਾਨਕ ਇਕਾਈਆਂ ਵਿਚ ਔਰਤਾਂ ਨੂੰ ਹੋਰ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਕੇਰਲਾ ਵਿਚ ਮਹਿਲਾ ਵਿਧਾਨ ਸਭਾ ਮੈਂਬਰਾਂ ਦੀ ਕੌਮੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ 1857 ਤੋਂ ਲੈ ਕੇ ਹੁਣ ਤੱਕ ਔਰਤਾਂ ਨੇ ਭਾਰਤ ਦੇ ਆਜ਼ਾਦੀ ਦੇ ਸੰਘਰਸ਼ ’ਚ ਨਿੱਗਰ ਭੂਮਿਕਾ ਅਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੀ ਭਰਵੀਂ ਸ਼ਮੂਲੀਅਤ ਕਾਰਨ ਹੀ ਬਰਤਾਨਵੀ ਸ਼ਾਸਨ ਖ਼ਿਲਾਫ਼ ਕਈ ਸੰਘਰਸ਼ ਜਿੱਤੇ ਗਏ। ਰਾਸ਼ਟਰਪਤੀ ਨੇ ਇਸ ਮੌਕੇ ਰਾਣੀ ਲਕਸ਼ਮੀਬਾਈ, ਕਸਤੂਰਬਾ ਗਾਂਧੀ, ਸਰੋਜਿਨੀ ਨਾਇਡੂ ਤੇ ਦੇਸ਼ ਦੀਆਂ ਹੋਰਨਾਂ ਔਰਤ ਆਗੂਆਂ ਦਾ ਜ਼ਿਕਰ ਕੀਤਾ। ਕੋਵਿੰਦ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਔਰਤਾਂ ਨੇ ਵੱਖ-ਵੱਖ ਖੇਤਰਾਂ ਵਿਚ ਕਈ ਧਾਰਨਾਵਾਂ ਤੋੜੀਆਂ ਹਨ ਤੇ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ। ਇਸ ਮੌਕੇ ਕੇਰਲਾ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ, ਮੁੱਖ ਮੰਤਰੀ ਪਿਨਾਰਈ ਵਿਜਯਨ ਤੇ ਹੋਰ ਹਾਜ਼ਰ ਸਨ। -ਪੀਟੀਆਈ