ਕੋਹਿਮਾ, 2 ਨਵੰਬਰ
ਨਾਗਾਲੈਂਡ ਦੇ ਦੋ ਰੋਜ਼ਾ ਦੌਰੇ ’ਤੇ ਪਹੁੰਚੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕੈਪੀਟਲ ਕਲਚਰਲ ਹਾਲ ਵਿੱਚ 75 ਪ੍ਰਾਜੈਕਟਾਂ ਦਾ ਆਨਲਾਈਨ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮਹਿਲਾ ਸ਼ਕਤੀਕਰਨ ਸਮਾਜ ਨੂੰ ਉੱਚਾ ਚੁੱਕਣ ਵਿੱਚ ਮਦਦ ਕਰੇਗੀ। ਇਸ ਮਗਰੋਂ ਉਨ੍ਹਾਂ ਰਾਜ ਭਵਨ ਵਿੱਚ ਮੰਤਰੀਆਂ ਨਾਲ ਵੀ ਮੁਲਾਕਾਤ ਕੀਤੀ। ਸ੍ਰੀਮਤੀ ਮੁਰਮੂ ਭਲਕੇ ਵੀਰਵਾਰ ਨੂੰ ਦੂਜੀ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਆਦਿਵਾਸੀਆਂ ਦੇ ਸਭ ਤੋਂ ਪੁਰਾਣੇ ਪਿੰਡਾਂ ’ਚੋਂ ਇੱਕ ਕਿਗਵੇਮਾ ਦਾ ਦੌਰਾ ਵੀ ਕਰਨਗੇ, ਜਿੱਥੇ ਉਹ ਸਰਪੰਚ ਨਾਲ ਵੱਖ-ਵੱਖ ਮੁੱਦਿਆ ’ਤੇ ਵਿਚਾਰ-ਚਰਚਾ ਕਰਨਗੇ। ਇਸ ਤੋਂ ਪਹਿਲਾਂ ਕੋਹਿਮਾ ਪਹੁੰਚਣ ’ਤੇ ਸੂਬੇ ਦੇ ਮੁੱਖ ਮੰਤਰੀ ਨੇਇਫਿਊ ਰੀਓ ਤੇ ਉਪ ਮੁੱਖ ਮੰਤਰੀ ਵਾਈ ਪੈਟਨ ਨੇ ਮੁਰਮੂ ਦਾ ਸਵਾਗਤ ਕੀਤਾ। ਰਾਸ਼ਟਰਪਤੀ ਦਾ ਸਵਾਗਤ ਕਰਨ ਤੋਂ ਬਾਅਦ ਰੀਓ ਨੇ ਟਵੀਟ ਕੀਤਾ, ‘‘ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸਵਾਗਤ ਕਰ ਕੇ ਮਾਣ ਮਹਿਸੂਸ ਹੋਇਆ। ਸਾਨੂੰ ਨਾਗਾਲੈਂਡ ਵਿੱਚ ਤੁਹਾਡਾ ਸਵਾਗਤ ਕਰ ਕੇ ਖੁਸ਼ੀ ਹੋ ਰਹੀ ਹੈ।’’ -ਪੀਟੀਆਈ
ਮੁਰਮੂ ਦਾ ਉੜੀਸਾ ਦੌਰਾ 10 ਤੋਂ
ਭੁਬਨੇਸ਼ਵਰ: ਰਾਸ਼ਟਰਪਤੀ ਦਰੋਪਦੀ ਮੁਰਮੂ 10 ਨਵੰਬਰ ਨੂੰ ਦੋ ਰੋਜ਼ਾ ਦੌਰੇ ’ਤੇ ਉੜੀਸਾ ਜਾਣਗੇ। ਰਾਜ ਭਵਨ ਦੇ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। 25 ਜੁਲਾਈ ਨੂੰ ਭਾਰਤ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਮੁਰਮੂ ਦਾ ਇਹ ਪਹਿਲਾ ਉੜੀਸਾ ਦੌਰਾ ਹੋਵੇਗਾ। ਦਿੱਲੀ ਆਉਣ ਤੋਂ ਪਹਿਲਾਂ ਉਹ ਜਗਨਨਾਥ ਮੰਦਰ ਦੇ ਦਰਸ਼ਨ ਕਰਨਗੇ। -ਪੀਟੀਆਈ