ਸੋਨੀਪਤ/ਗੋਂਡਾ, 10 ਨਵੰਬਰ
ਇਥੋਂ ਦੀ ਇਕ ਅਕਾਦਮੀ ਵਿੱਚ ਬੁੱਧਵਾਰ ਨੂੰ ਨਿਸ਼ਾ ਦਹੀਆ ਨਾਂ ਦੀ ਇਕ ਮਹਿਲਾ ਪਹਿਲਵਾਨ ਅਤੇ ਉਸ ਦੇ ਭਰਾ ਦੀ ਅਣਪਛਾਤਿਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਹਿਲਾ ਦੀ ਸ਼ਨਾਖਤ ਨੂੰ ਲੈ ਕੇ ਭੂੰਬਲਭੂਸਾ ਪੈਦਾ ਹੋ ਗਿਆ। ਕੁਝ ਰਿਪੋਰਟਾਂ ਵਿੱਚ ਉਸ ਦੀ ਸ਼ਨਾਖਤ ਅੰਡਰ 23 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜੇਤੂ ਪਹਿਲਵਾਨ ਨਿਸ਼ਾ ਦਹੀਆ ਦੱਸੀ ਗਈ ਹੈੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਮਲਾਵਰਾਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਨਿਸ਼ਾ ਦੀ ਮਾਂ ਵੀ ਜ਼ਖ਼ਮੀ ਹੋਈ ਹੈ ਜਿਸ ਨੂੰ ਰੋਹਤਕ ਪੀਜੀਆਈ ਵਿੱਚ ਦਾਖਲ ਕਰਾਇਆ ਗਿਆ ਹੈ। ਸੋਨੀਪਤ ਦੇ ਅਸਿਸਟੈਂਟ ਸੁਪਰਡੈਂਟ ਆਫ ਪੁਲੀਸ ਮਯੰਕ ਗੁਪਤਾ ਨੇ ਦਹੀਆ ਅਤੇ ਉਸ ਦੇ ਭਰਾ ਸੂਰਜ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਹ ਘਟਨਾ ਸੋਨੀਪਤ ਦੇ ਹਲਾਲਪੁਰ ਵਿੱਚ ਸਥਿਤ ਸੁਸ਼ੀਲ ਕੁਮਾਰ ਕੁਸ਼ਤੀ ਅਕਾਦਮੀ ਵਿੱਚ ਵਾਪਰੀ ਦੱਸੀ ਜਾਂਦੀ ਹੈ। ਆਨਆਈਨ ਆਈਆਂ ਕਈ ਰਿਪੋਰਟਾਂ ਵਿੱਚ ਦਹੀਆ ਦੀ ਸ਼ਨਾਖਤ ਵਿਸ਼ਵ ਤਗਮਾ ਜੇਤੂ ਦੱਸੀ ਗਈ ਹੈ ਜਿਸ ਨੂੰ ਪ੍ਧਾਨ ਮੰਤਰੀ ਨੇ ਅੱਜ ਸਵੇਰੇ ਵਧਾਈ ਦਿੱਤੀ ਸੀ।
ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਇਸ ਦਾ ਪਤਾ ਚੱਲਣ ਬਾਅਦ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਨਿਸ਼ਾ ਦਹੀਆ ਇਹ ਕਹਿੰਦੀ ਦਿਖਾਈ ਦਿੰਦੀ ਹੈ ਕਿ ਉਹ ਗੋਂਡਾ ਵਿੱਚ ਹੈ ਤੇ ਠੀਕ ਹੈ ਅਤੇ ਕੌਮੀ ਚੈਂਪੀਅਨਸ਼ਿਪ ਦੀ ਤਿਆਰੀ ਕਰ ਰਹੀ ਹੈ। ਉਸ ਦੇ ਨਾਲ ਵੀਡੀਓ ਵਿੱਚ ਸਾਕਸ਼ੀ ਮਲਿਕ ਵੀ ਦਿਖਾਈ ਦਿੰਦੀ ਹੈ।
ਕੋਚ ਰਣਧੀਰ ਮਲਿਕ ਜੋ ਭਾਰਤੀ ਮਹਿਲਾ ਟੀਮ ਨਾਲ ਬੈਲਗ੍ਰੇਡ ਗਏ ਸਨ ਨੇ ਕਿਹਾ ਕਿ ਜਿਸ ਮਹਿਲਾ ਪਹਿਲਵਾਨ ਦੀ ਹੱਤਿਆ ਕੀਤੀ ਗਈ ਹੈ ਉਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਗਮਾ ਜੇਤੂ ਨਿਸ਼ਾ ਦਹੀਆ ਨਹੀਂ ਹੈ ਪਰ ਉਹ ਵੀ ਪਹਿਲਵਾਨ ਹੈ ਤੇ ਉਸ ਦਾ ਨਾਂ ਵੀ ਨਿਸ਼ਾ ਦਹੀਆ ਹੈ। ਉਨ੍ਹਾਂ ਕਿਹਾ ਕਿ ਨਿਸ਼ਾ ਸੁਰੱਖਿਅਤ ਹੈ ਤੇ ਉਸ ਦੀ ਮੌਤ ਦੀ ਆਈ ਖ਼ਬਰ ਝੂਠੀ ਹੈ। ਉਧਰ, ਸੋਨੀਪਤ ਪੁਲੀਸ ਨੂੰ ਖਦਸ਼ਾ ਹੈ ਕਿ ਇਸ ਘਟਨਾ ਪਿੱਛੇ ਅਦਾਦਮੀ ਦੇ ਕੋਚ ਦਾ ਹੱਥ ਹੈ। ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ। -ਏਜੰਸੀ