ਨਵੀਂ ਦਿੱਲੀ: ਆਰਬੀਆਈ (ਭਾਰਤੀ ਰਿਜ਼ਰਵ ਬੈਂਕ) ਦੀਆਂ ਇੰਟਰਚੇਂਜ ਫੀਸ ਬਾਰੇ ਨਵੀਆਂ ਹਦਾਇਤਾਂ ਐਤਵਾਰ ਤੋਂ ਲਾਗੂ ਹੋ ਗਈਆਂ ਹਨ। ਇਸ ਤੋਂ ਇਲਾਵਾ ਥੋਕ ਭੁਗਤਾਨ ਕਰਨ ਦੀ ਸਹੂਲਤ ਵੀ ਅੱਜ ਤੋਂ ਦੇ ਦਿੱਤੀ ਗਈ ਹੈ। ਇਹ ਸਹੂਲਤ ਚੌਵੀ ਘੰਟੇ ਤੇ ਪੂਰੇ ਹਫ਼ਤੇ ਮਿਲੇਗੀ। ਇੰਟਰਚੇਂਜ ਫੀਸ ਬੈਂਕਾਂ ਦੁਆਰਾ ਕਰੈਡਿਟ ਜਾਂ ਡੈਬਿਟ ਕਾਰਡ ਦੇ ਮਾਧਿਅਮ ਨਾਲ ਭੁਗਤਾਨ ਕਰਨ ਵਾਲਿਆਂ ਤੋਂ ਲਈ ਜਾਣ ਵਾਲੀ ਫੀਸ ਹੈ। ਜੇ ਕਿਸੇ ਇਕ ਬੈਂਕ ਦਾ ਗਾਹਕ ਕਿਸੇ ਹੋਰ ਬੈਂਕ ਦੇ ਏਟੀਐਮ ’ਤੇ ਆਪਣੇ ਕਾਰਡ ਦਾ ਇਸਤੇਮਾਲ ਕਰ ਕੇ ਪੈਸੇ ਕਢਵਾਉਂਦਾ ਹੈ ਤਾਂ ਅਜਿਹੀ ਸਥਿਤੀ ਵਿਚ ਜਿਸ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾਏ ਜਾਂਦੇ ਹਨ, ਉਹ ਮਰਚੈਂਟ ਬੈਂਕ ਹੋ ਜਾਂਦਾ ਹੈ। ਇਸ ’ਤੇ ਫ਼ੀਸ ਵਸੂਲੀ ਜਾਂਦੀ ਹੈ। ਆਰਬੀਆਈ ਨੇ ਜੂਨ ਵਿਚ ਵਿੱਤੀ ਲੈਣ-ਦੇਣ ਲਈ ਇੰਟਰਚੇਂਜ ਫ਼ੀਸ 15 ਰੁਪਏ ਤੋਂ ਵਧਾ ਕੇ 17 ਰੁਪਏ ਕਰ ਦਿੱਤੀ ਸੀ ਜਦਕਿ ਗ਼ੈਰ-ਵਿੱਤੀ ਲੈਣ-ਦੇਣ ਲਈ ਇਹ ਵਾਧਾ ਪੰਜ ਰੁਪਏ ਤੋਂ ਵਧਾ ਕੇ ਛੇ ਰੁਪਏ ਕੀਤਾ ਗਿਆ ਸੀ। ਨੈਸ਼ਨਲ ਆਟੋਮੇਟੇਡ ਕਲੀਅਰਿੰਗ ਹਾਊਸ (ਐਨਏਸੀਐਚ) ਹੁਣ ਹਫ਼ਤੇ ਦੇ ਸਾਰੇ ਦਿਨ ਉਪਲੱਬਧ ਰਹੇਗਾ। ਐਨਏਸੀਐਚ ਕੌਮੀ ਪੱਧਰ ਦਾ ਥੋਕ ਭੁਗਤਾਨ ਸਿਸਟਮ ਹੈ ਜਿਸ ਨੂੰ ‘ਨੈਸ਼ਨਲ ਪੇਅਮੈਂਟ ਕਾਰਪੋਰੇਸ਼ਨ’ ਚਲਾਉਂਦੀ ਹੈ। ਇਸ ਰਾਹੀਂ ਇਕ ਥਾਂ ਤੋਂ ਕਈਆਂ ਨੂੰ ਕਰੈਡਿਟ ਟਰਾਂਸਫਰ ਹੁੰਦਾ ਹੈ। ਇਸ ਤਹਿਤ ਲਾਭ ਅੰਸ਼, ਵਿਆਜ, ਤਨਖ਼ਾਹ ਤੇ ਪੈਨਸ਼ਨ ਦਾ ਭੁਗਤਾਨ ਹੁੰਦਾ ਹੈ। ਬਿਜਲੀ, ਗੈਸ, ਟੈਲੀਫੋਨ, ਪਾਣੀ, ਕਰਜ਼ੇ ਦੀਆਂ ਕਿਸ਼ਤਾਂ, ਮਿਊਚੁਅਲ ਫੰਡ ਨਿਵੇਸ਼ ਤੇ ਬੀਮਾ ਪ੍ਰੀਮੀਅਮ ਵੀ ਇਸ ਰਾਹੀਂ ਭਰਿਆ ਜਾਂਦਾ ਹੈ। ਥੋਕ ਭੁਗਤਾਨ ਬਾਰੇ ਫ਼ੈਸਲਾ ਖ਼ਪਤਕਾਰਾਂ ਦੀ ਸਹੂਲਤ ਲਈ ਲਿਆ ਗਿਆ ਸੀ। ਇਹ ਸਹੂਲਤ ਪਹਿਲਾਂ ਉਦੋਂ ਹੀ ਉਪਲਬਧ ਸੀ ਜਦ ਬੈਂਕ ਖੁੱਲ੍ਹੇ ਹੁੰਦੇ ਸਨ (ਸੋਮਵਾਰ ਤੋਂ ਸ਼ੁੱਕਰਵਾਰ)। ਆਟੋ-ਡੈਬਿਟ ਵੀ ਬੈਂਕਾਂ ਬੰਦ ਹੋਣ ਵਾਲੇ ਦਿਨ ਨਹੀਂ ਹੁੰਦਾ ਸੀ ਤੇ ਤਨਖ਼ਾਹਾਂ ਵੀ ਬੈਂਕ ਬੰਦ ਹੋਣ ਵਾਲੇ ਦਿਨ ਨਹੀਂ ਸਨ ਪੈਂਦੀਆਂ। -ਪੀਟੀਆਈ