ਸਾਲੇਮ (ਤਾਮਿਲ ਨਾਡੂ), 21 ਫਰਵਰੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਤੇ ਚੀਨ ਨੇ ਨੌਵੇਂ ਗੇੜ ਦੀ ਗੱਲਬਾਤ ਤੋਂ ਬਾਅਦ ਪੂਰਬੀ ਲੱਦਾਖ ਵਿਚੋਂ ਆਪਣੀਆਂ ਸੈਨਾਵਾਂ ਨੂੰ ਵਾਪਸ ਸੱਦਣ ਦੀ ਕਾਰਵਾਈ ‘ਮੁਕੰਮਲ’ ਕਰ ਲਈ ਹੈ। ਰੱਖਿਆ ਮੰਤਰੀ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਵਿਰੋਧੀ ਧਿਰ ਭਾਰਤੀ ਸੈਨਿਕਾਂ ਦੀ ਬਹਾਦਰੀ ਉਤੇ ‘ਸ਼ੱਕ’ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਕ ਆਪਣੀਆਂ ਸਰਹੱਦਾਂ ’ਤੇ ਕਿਸੇ ‘ਇੱਕਪਾਸੜ ਕਾਰਵਾਈ’ ਦੀ ਇਜਾਜ਼ਤ ਬਿਲਕੁਲ ਨਹੀਂ ਦੇਵੇਗਾ। ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਰੋਕਣ ਲਈ ਦੇਸ਼ ਕੋਈ ਵੀ ਕੀਮਤ ਅਦਾ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਭਾਰਤ-ਫਰਾਂਸ ਵਿਚਾਲੇ ਹੋਏ ਰਾਫਾਲ ਲੜਾਕੂ ਜਹਾਜ਼ ਸੌਦੇ ਦੇ ਮਾਮਲੇ ’ਤੇ ਕਥਿਤ ਵਿਵਾਦ ਛੇੜਨ ’ਤੇ ਕਾਂਗਰਸ ਅਤੇ ਉਸ ਦੀ ਦੱਖਣ ’ਚ ਉਸ ਦੀ ਸਹਿਯੋਗੀ ਪਾਰਟੀ ਡੀਐੱਕੇ ਦੀ ਨਿਖੇਧੀ ਵੀ ਕੀਤੀ। ਉਨ੍ਹਾਂ ਕਿਹਾ ਕਿ ‘ਕੈਗ’ ਅਤੇ ਹੋਰਨਾਂ ਵੱਲੋਂ ਇਸ ਮਾਮਲੇ ‘ਕਲੀਨ ਚਿੱਟ’ ਦਿੱਤੀ ਜਾ ਚੁੱਕੀ ਹੈ। -ਪੀਟੀਆਈ