ਨਵੀਂ ਦਿੱਲੀ: ਕਿਸਾਨ ਅੰਦੋਲਨ ਲਈ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਅਜਿਹੀ ਹੰਕਾਰੀ ਹੋਈ ਸਰਕਾਰ ਸੱਤਾ ’ਚ ਆਈ ਹੈ ਜਿਸ ਨੂੰ ਅੰਨਦਾਤਿਆਂ ਦੀਆਂ ਮੁਸੀਬਤਾਂ ਨਜ਼ਰ ਨਹੀਂ ਆਉਂਦੀਆਂ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਬਿਨਾਂ ਸ਼ਰਤ ਤੁਰੰਤ ਵਾਪਸ ਲਿਆ ਜਾਵੇ। ਇਥੇ ਜਾਰੀ ਬਿਆਨ ’ਚ ਉਨ੍ਹਾਂ ਕਿਹਾ,‘‘ਠੰਢ ਅਤੇ ਮੀਂਹ ਕਾਰਨ ਕਿਸਾਨਾਂ ਦੀ ਮੌਤ ਹੋ ਰਹੀ ਹੈ। ਕਾਨੂੰਨ ਵਾਪਸ ਲੈਣਾ ਹੀ ਰਾਜਧਰਮ ਹੈ ਅਤੇ ਇਹੋ ਉਨ੍ਹਾਂ ਕਿਸਾਨਾਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ ਜੋ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਜਮਹੂਰੀਅਤ ’ਚ ਜਿਹੜੀਆਂ ਸਰਕਾਰਾਂ ਅਤੇ ਉਸ ਦੇ ਆਗੂ ਲੋਕਾਂ ਦੀਆਂ ਭਾਵਨਾਵਾਂ ਨੂੰ ਅਣਗੌਲਿਆ ਕਰਦੇ ਹਨ, ਉਹ ਲੰਬੇ ਸਮੇਂ ਤੱਕ ਰਾਜ ਨਹੀਂ ਕਰ ਸਕਦੇ। ਹੁਣ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਅੰਦੋਲਨਕਾਰੀ ਕਿਸਾਨ ਕੇਂਦਰ ਦੀ ਥਕਾਉਣ ਅਤੇ ਲਮਕਾਉਣ ਵਾਲੀ ਨੀਤੀ ਅੱਗੇ ਨਹੀਂ ਝੁਕਣਗੇ।’’ ਸੋਨੀਆ ਨੇ ਕਿਹਾ ਕਿ ਅਜੇ ਵੀ ਵੇਲਾ ਹੈ ਕਿ ਮੋਦੀ ਸਰਕਾਰ ਸੱਤਾ ਦਾ ਹੰਕਾਰ ਛੱਡ ਕੇ ਕਿਸਾਨ ਅੰਦੋਲਨ ਖ਼ਤਮ ਕਰਾਉਣ ਲਈ ਤਿੰਨੋਂ ਕਾਲੇ ਕਾਨੂੰਨ ਬਿਨਾਂ ਸ਼ਰਤ ਵਾਪਸ ਲਵੇ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਉਨ੍ਹਾਂ ਦੇ ਕਿਸੇ ਵੀ ਮੰਤਰੀ ਨੇ ਅਜੇ ਤੱਕ ਕਿਸਾਨਾਂ ਦੇ ਪੱਖ ’ਚ ਹਾਅ ਦਾ ਨਾਅਰਾ ਨਹੀਂ ਮਾਰਿਆ ਹੈ। ਉਨ੍ਹਾਂ ਜਾਨਾਂ ਗੁਆਉਣ ਵਾਲੇ ਕਿਸਾਨ ਭਰਾਵਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਦੁੱਖ ਸਹਿਣ ਦਾ ਬਲ ਮਿਲੇ। ਉਨ੍ਹਾਂ ਕਿਹਾ ਕਿ ਇੰਜ ਜਾਪਦਾ ਹੈ ਕਿ ਕੁਝ ਕਾਰੋਬਾਰੀਆਂ ਨੂੰ ਮੁਨਾਫ਼ਾ ਪਹੁੰਚਾਉਣਾ ਹੀ ਸਰਕਾਰ ਦਾ ਮੁੱਖ ਏਜੰਡਾ ਹੈ। ਉਧਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਦੀ ਤੁਲਨਾ ਬ੍ਰਿਟਿਸ਼ ਕਾਲ ਦੇ ਚੰਪਾਰਨ ਅੰਦੋਲਨ ਨਾਲ ਕੀਤੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਮੌਜੂਦਾ ਅੰਦੋਲਨ ਦਾ ਹਿੱਸਾ ਬਣਿਆ ਹਰੇਕ ਕਿਸਾਨ ਅਤੇ ਮਜ਼ਦੂਰ ‘ਸੱਤਿਆਗ੍ਰਹੀ’ ਹੈ ਅਤੇ ਉਹ ਆਪਣਾ ਹੱਕ ਲੈ ਕੇ ਰਹਿਣਗੇ। ਉਨ੍ਹਾਂ ਕਿਹਾ,‘‘ਮੁਲਕ ’ਚ ਚੰਪਾਰਨ ਵਰਗਾ ਹਾਦਸਾ ਵਾਪਰ ਸਕਦਾ ਹੈ। ਉਸ ਸਮੇਂ ਬ੍ਰਿਟਿਸ਼ ‘ਕੰਪਨੀ ਬਹਾਦਰ’ ਸਨ ਅਤੇ ਹੁਣ ਮੋਦੀ ਦੇ ਦੋਸਤ ‘ਕੰਪਨੀ ਬਹਾਦਰ’ ਹਨ।’’ -ਪੀਟੀਆਈ