ਨਵੀਂ ਦਿੱਲੀ, 22 ਜੁਲਾਈ
ਰਾਸ਼ਟਰਪਤੀ ਚੋਣਾਂ ਦੌਰਾਨ ਐੱਨਡੀਏ ਦੀ ਉਮੀਦਵਾਰ ਦਰੋਪਦੀ ਮੁਰਮੂ ਦੇ ਸਮਰਥਨ ਵਿੱਚ ਵੱਖ-ਵੱਖ ਸੂਬਿਆਂ ’ਚ ਹੋਈ ਕਰਾਸ ਵੋਟਿੰਗ ਅਤੇ ਤ੍ਰਿਣਮੂਲ ਕਾਂਗਰਸ ਦੇ ਉਪ ਰਾਸ਼ਟਰਪਤੀ ਚੋਣਾਂ ’ਚ ਸ਼ਮੂਲੀਅਤ ਨਾ ਕਰਨ ਦੇ ਫ਼ੈਸਲੇ ਨਾਲ ਇਕ ਵਾਰ ਫਿਰ ਤੋਂ ਵਿਰੋਧੀ ਧਿਰ ਵਿੱਚ ਫੁੱਟ ਉੱਭਰ ਕੇ ਸਾਹਮਣੇ ਆਈ ਹੈ। ਹਾਲਾਂਕਿ, ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਦਲੀਲ ਦਿੱਤੀ ਹੈ ਕਿ ਉਹ ਇਸ ਮੁੱਦੇ ’ਤੇ ਮਮਤਾ ਬੈਨਰਜੀ ਦੇ ਸੰਪਰਕ ਵਿੱਚ ਹਨ। ਸੂਤਰਾਂ ਅਨੁਸਾਰ, ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ 15 ਜੁਲਾਈ ਰਾਤ ਨੂੰ ਮਮਤਾ ਬੈਨਰਜੀ ਨਾਲ ਗੱਲ ਕੀਤੀ ਸੀ। ਇਸ ਦੌਰਾਨ ਟੀਐੱਮਸੀ ਮੁਖੀ ਨੇ ਸੰਕੇਤ ਨਹੀਂ ਦਿੱਤਾ ਕਿ ਉਹ ਸਾਂਝੇ ਉਮੀਦਵਾਰ ਨੂੰ ਸਮਰਥਨ ਨਹੀਂ ਦੇਵੇਗੀ। -ਪੀਟੀਆਈ
ਟੀਐੱਮਸੀ ਦਾ ਫ਼ੈਸਲਾ ਨਿਰਾਸ਼ਾਜਨਕ: ਅਲਵਾ
ਨਵੀਂ ਦਿੱਲੀ/ਕੋਲਕਾਤਾ: ਉਪ ਰਾਸ਼ਟਰਪਤੀ ਚੋਣਾਂ ਲਈ ਵਿਰੋਧੀ ਧਿਰ ਦੀ ਉਮੀਦਵਾਰ ਮਾਰਗਰੇਟ ਅਲਵਾ ਨੇ ਅੱਜ ਤ੍ਰਿਣਮੂਲ ਕਾਂਗਰਸ ਦੇ ਉਪ ਰਾਸ਼ਟਰਪਤੀ ਚੋਣਾਂ ’ਚ ਸ਼ਾਮਲ ਨਾ ਹੋਣ ਸਬੰੰਧੀ ਫ਼ੈਸਲੇ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਮਾਂ ਇੱਧਰ-ਉੱਧਰ ਦੀਆਂ ਗੱਲਾਂ ਕਰਨ, ਹਉਮੈ ਰੱਖਣ ਜਾਂ ਗੁੱਸਾ ਕਰਨ ਦਾ ਨਹੀਂ ਹੈ। -ਪੀਟੀਆਈ