ਤਿਰੂਵਨੰਤਪੁਮਰ, 18 ਜੁਲਾਈ
ਕੇਰਲਾ ਦੀ ਸੱਤਾਧਾਰੀ ਖੱਬੇਪੱਖੀ ਜਮਹੂਰੀ ਮੋਰਚਾ (ਐੱਲਡੀਐੱਫ) ਦੇ ਕਨਵੀਨਰ ਈ ਪੀ ਜਯਰਾਜਨ ਨੇ ਇੰਡੀਗੋ ਵੱਲੋਂ ਉਨ੍ਹਾਂ ਉਤੇ ਹਵਾਈ ਸਫ਼ਰ ਕਰਨ ’ਤੇ ਲਗਾਈ ਪਾਬੰਦੀ ਤੋਂ ਖਿਝਦਿਆਂ ਅੱਜ ਕਿਹਾ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਕਦੇ ਵੀ ਇਸ ਕੰਪਨੀ ਦੇ ਹਵਾਈ ਜਹਾਜ਼ਾਂ ਵਿੱਚ ਸਫ਼ਰ ਨਹੀਂ ਕਰੇਗਾ। ਇੰਡੀਗੋ ਨੇ ਉਸ ’ਤੇ ਤਿੰਨ ਹਫ਼ਤਿਆਂ ਦੀ ਪਾਬੰਦੀ ਲਗਾਈ ਹੈ। ਏਅਰਲਾਈਨ ਵੱਲੋਂ ਇਹ ਕਾਰਵਾਈ ਪਿਛਲੇ ਮਹੀਨੇ ਹਵਾਈ ਜਹਾਜ਼ ਵਿੱਚ ਝੜਪ ਦੌਰਾਨ ਉਸ ਦੀ ਕਥਿਤ ਸ਼ਮੂਲੀਅਤ ਕਾਰਨ ਕੀਤੀ ਗਈ। ਇਹ ਘਟਨਾ 13 ਜੂਨ ਦੀ ਹੈ। ਕੰਪਨੀ ਦਾ ਜਹਾਜ਼ ਕੰਨੂਰ ਤੋਂ ਸੂਬੇ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੂੰ ਲੈ ਕੇ ਜਾ ਰਿਹਾ ਸੀ। ਇਸ ਦੇ ਤਿਰੂਵਨੰਤਪੁਰਮ ਹਵਾਈ ਅੱਡੇ ’ਤੇ ਉਤਰਨ ਮਗਰੋਂ ਦੋ ਕਾਂਗਰਸੀ ਕਾਰਕੁਨਾਂ ਨੇ ਜਹਾਜ਼ ਦੇ ਅੰਦਰ ਹੀ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਜਯਰਾਜਨ ਨੇ ਦੋ ਪ੍ਰਦਰਸ਼ਨਕਾਰੀਆਂ ਨੂੰ ਕਥਿਤ ਧੱਕਾ ਦੇ ਦਿੱਤਾ। ਜਯਰਾਜਨ ਨੇ ਕਿਹਾ, ‘‘ਜੇ ਲੋੜ ਪਈ ਤਾਂ ਮੈਂ ਪੈਦਲ ਆਪਣੇ ਕੰਮ ਚਲਾ ਜਾਵਾਂਗਾ, ਪਰ ਉਸ ਦੇ ਜਹਾਜ਼ਾਂ ’ਤੇ ਸਫ਼ਰ ਨਹੀਂ ਕਰਾਂਗਾ।’’ –ਪੀਟੀਆਈ