ਜੰਮੂ, 18 ਜਨਵਰੀ
ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਉਹ ਉਨ੍ਹਾਂ ਆਗੂਆਂ ਨੂੰ ਪਾਰਟੀ ’ਚ ਮੁੜ ਸ਼ਾਮਲ ਨਹੀਂ ਕਰਨਗੇ ਜੋ ਔਖੇ ਵੇਲੇ ਪਾਰਟੀ ਨੂੰ ਛੱਡ ਕੇ ਚਲੇ ਗਏ ਤੇ ਹੁਣ ਵਾਪਸ ਆਉਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ 2018 ’ਚ ਮਹਬਿੂਬਾ ਦੀ ਅਗਵਾਈ ਹੇਠਲੀ ਗੱਠਜੋੜ ਸਰਕਾਰ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਹਮਾਇਤ ਵਾਪਸ ਲਏ ਜਾਣ ਮਗਰੋਂ ਕੁਝ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਸਮੇਤ ਵੱਡੀ ਗਿਣਤੀ ’ਚ ਪੀਡੀਪੀ ਦੇ ਸੀਨੀਅਰ ਆਗੂਆਂ ਨੇ ਪਾਰਟੀ ਛੱਡ ਦਿੱਤੀ ਸੀ। ਇਨ੍ਹਾਂ ’ਚੋਂ ਜ਼ਿਆਦਾਤਰ ਅਲਤਾਫ ਬੁਖਾਰੀ ਦੀ ‘ਅਪਨੀ ਪਾਰਟੀ’ ਜਾਂ ਸੱਜਾਦ ਲੋਨ ਦੀ ਅਗਵਾਈ ਹੇਠਲੀ ‘ਪੀਪਲਜ਼ ਕਾਨਫਰੰਸ’ ਵਿੱਚ ਸ਼ਾਮਲ ਹੋ ਗਏ ਸਨ।
ਮਹਬਿੂਬਾ ਨੇ ਇੱਥੇ ਪਾਰਟੀ ਦੇ ਹੈੱਡਕੁਆਰਟਰ ’ਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੈਂ ਇਹ ਸਿਧਾਂਤ ਬਣਾ ਲਿਆ ਹੈ ਕਿ ਸਾਨੂੰ ਛੱਡ ਕੇ ਜਾ ਚੁੱਕੇ ਆਗੂਆਂ ਨੂੰ ਵਾਪਸ ਨਹੀਂ ਲਿਆ ਜਾਵੇਗਾ। ਪਾਰਟੀ ਛੱਡ ਕੇ ਜਾ ਚੁੱਕੇ ਕਈ ਆਗੂ ਵਾਪਸੀ ਕਰਨਾ ਚਾਹੁੰਦੇ ਹਨ ਪਰ ਮੈਂ ਉਨ੍ਹਾਂ ਨੂੰ ਵਾਪਸ ਨਹੀਂ ਲੈਣ ਵਾਲੀ।’ ਨਵੇਂ ਕਾਰਕੁਨਾਂ ਨੂੰ ਪਾਰਟੀ ’ਚ ਸ਼ਾਮਲ ਕਰਨ ਲਈ ਇੱਥੇ ਇੱਕ ਸਮਾਗਮ ਕਰਵਾਇਆ ਗਿਆ ਸੀ ਜਿਨ੍ਹਾਂ ’ਚ ਪਿਛਲੇ ਮਹੀਨੇ ਪੀਡੀਪੀ ’ਚ ਮੁੜ ਤੋਂ ਸ਼ਾਮਲ ਹੋਏ ਸਾਬਕਾ ਮੰਤਰੀ ਬੁਸ਼ਨ ਲਾਲ ਡੋਗਰਾ ਦੇ ਹਮਾਇਤੀ ਸ਼ਾਮਲ ਹਨ। ਮਹਬਿੂਬਾ ਨੇ ਕਿਹਾ, ‘ਡੋਗਰਾ ਮੇਰੇ ਛੋਟੇ ਭਰਾ ਵਾਂਗ ਹਨ ਅਤੇ ਬਹੁਤ ਸੱਜਣ ਆਦਮੀ ਹਨ ਜਿਨ੍ਹਾਂ ਦਾ ਮੈਂ ਬਹੁਤ ਸਤਿਕਾਰ ਕਰਦੀ ਹਾਂ। ਪਾਰਟੀ ’ਚ ਉਨ੍ਹਾਂ ਦੀ ਵਾਪਸੀ ਅਪਵਾਦ ਵਾਲਾ ਮਾਮਲਾ ਹੈ।’
ਉਨ੍ਹਾਂ ਕੇਂਦਰ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਹਾਕਮ ਪਾਰਟੀ ਜੰਮੂ ਕਸ਼ਮੀਰ ਦੀ ਵਰਤੋਂ ਪ੍ਰਯੋਗਸ਼ਾਲਾ ਵਜੋਂ ਕਰ ਰਹੀ ਹੈ ਅਤੇ ਉਸ ਨੇ ਸਾਬਕਾ ਰਾਜ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਭਾਜਪਾ ’ਤੇ ਗਰੀਬਾਂ ਦੀਆਂ ਜ਼ਮੀਨਾਂ ਖੋਹਣ ਲਈ ਉਨ੍ਹਾਂ ਨੂੰ ਬੇਦਖਲ ਕਰਨ ਦੀ ਮੁਹਿੰਮ ਚਲਾਉਣ ਦਾ ਦੋਸ਼ ਵੀ ਲਾਇਆ। -ਪੀਟੀਆਈ