ਕੋਲਕਾਤਾ, 8 ਸਤੰਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ 300 ਸੀਟਾਂ ਜਿੱਤਣ ਦਾ ਹੰਕਾਰ ਹੀ ਭਾਜਪਾ ਨੂੰ ਲੈ ਡੁੱਬੇਗਾ। ਉਨ੍ਹਾਂ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਸੱਤਾ ’ਚੋਂ ਬਾਹਰ ਕਰਨ ਲਈ ਉਹ ਬਿਹਾਰ ਤੇ ਝਾਰਖੰਡ ਦੇ ਆਪਣੇ ਹਮਰੁਤਬਾਵਾਂ ਸਣੇ ਹੋਰਨਾਂ ਵਿਰੋਧੀ ਪਾਰਟੀਆਂ ਨਾਲ ਹੱਥ ਮਿਲਾਉਣਗੇ। ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਨੇ ਪਾਰਟੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਭਾਜਪਾ ਨੂੰ ਆਪਣੇ ਹੀ ਹੰਕਾਰ ਤੇ ਲੋਕਾਂ ਦੇ ਗੁੱਸੇ ਕਰਕੇ ਹਾਰ ਦਾ ਸਾਹਮਣਾ ਕਰਨਾ ਪਏਗਾ।
ਮੁੱਖ ਮੰਤਰੀ ਨੇ ਕਿਹਾ, ‘‘ਮੈਂ, ਨਿਤੀਸ਼ ਕੁਮਾਰ, ਹੇਮੰਤ ਸੋਰੇਨ ਤੇ ਕੋਈ ਹੋਰ ਸਾਲ 2024 ਵਿੱਚ ਇਕ ਮੰਚ ’ਤੇ ਨਜ਼ਰ ਆਵਾਂਗੇ। ਭਾਜਪਾ ਨੂੰ ਹਰਾਉਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਇਕਜੁੱਟ ਹੋਣਗੀਆਂ। ਅਸੀਂ ਸਾਰੇ ਇਕ ਪਾਸੇ ਤੇ ਭਾਜਪਾ ਦੂਜੇ ਪਾਸੇ ਹੋਵੇਗੀ। ਭਾਜਪਾ ਨੂੰ 300 ਸੀਟਾਂ ਦਾ ਹੰਕਾਰ ਹੀ ਲੈ ਡੁੱਬੇਗਾ। 2024 ਵਿੱਚ ‘ਖੇਲਾ ਹੋਵੇਗਾ’।’’ ਬੈਨਰਜੀ ਨੇ ਦਾਅਵਾ ਕੀਤਾ ਕਿ ਬੰਗਾਲ ਪੁਲੀਸ ਵੱਲੋੋਂ ਪਿੱਛੇ ਜਿਹੇ ਝਾਰਖੰਡ ਦੇ ਵਿਧਾਇਕਾਂ ਨੂੰ ਨਗ਼ਦੀ ਨਾਲ ਗ੍ਰਿਫ਼ਤਾਰ ਕੀਤੇ ਜਾਣ ਕਰਕੇ ਹੀ, ਗੁਆਂਢੀ ਸੂਬੇ ਵਿੱਚ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਨੂੰ ਠੱਲ ਪਈ ਤੇ ਹੇਮੰਤ ਸੋਰੇਨ ਸਰਕਾਰ ਡਿੱਗਣ ਤੋਂ ਬਚ ਗਈ। ਉਨ੍ਹਾਂ ਕਿਹਾ, ‘‘ਭਾਜਪਾ ਸੋਚਦੀ ਹੈ ਕਿ ਉਹ ਸੀਬੀਆਈ ਤੇ ਈਡੀ ਨਾਲ ਸਾਨੂੰ ਡਰਾ ਤੇ ਧਮਕਾ ਸਕਦੀ ਹੈ। ਉਹ ਜਿੰਨੀ ਵਾਰ ਅਜਿਹੀਆਂ ਜੁਗਤਾਂ ਲਾਉਣਗੇ, ਓਨਾ ਉਹ ਅਗਲੇ ਸਾਲ ਹੋਣ ਵਾਲੀਆਂ ਪੰਚਾਇਤ ਚੋਣਾਂ ਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਹਾਰ ਦੇ ਨੇੜੇ ਢੁੱਕਣਗੇ।’’ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੀਤੇ ਜਾ ਰਹੇ ਪ੍ਰਚਾਰ ਲਈ ਵਿਰੋਧੀ ਪਾਰਟੀਆਂ ਖਾਸ ਕਰਕੇ ਭਾਜਪਾ ਤੇ ਮੀਡੀਆ ਦੇ ਇਕ ਹਿੱਸੇ ਨੂੰ ਭੰਡਿਆ। -ਪੀਟੀਆਈ
ਹਸੀਨਾ ਦੇ ਸਮਾਗਮਾਂ ਲਈ ਸੱਦਾ ਪੱਤਰ ਨਾ ਦੇਣ ਲਈ ਕੇਂਦਰ ਨੂੰ ਭੰਡਿਆ
ਕੋਲਕਾਤਾ: ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਭਾਰਤ ਫੇਰੀ ਦੌਰਾਨ ਰੱਖੇ ਸਮਾਗਮਾਂ ਲਈ ਉਨ੍ਹਾਂ ਨੂੰ ਸੱਦਾ ਪੱਤਰ ਨਾ ਦੇਣ ਲਈ ਕੇਂਦਰ ਸਰਕਾਰ ਨੂੰ ਭੰਡਿਆ ਹੈ। ਬੈਨਰਜੀ ਨੇ ਕਿਹਾ, ‘‘ਬੰਗਲਾਦੇਸ਼ੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੇਰੇ ਚੰਗੇ ਰਿਸ਼ਤੇ ਹਨ, ਪਰ (ਕੇਂਦਰ ਸਰਕਾਰ ਨੇ) ਮੈਨੂੰ ਉਨ੍ਹਾਂ ਦੇ ਇਸ ਦੌਰੇ ਲਈ ਸੱਦਾ ਨਹੀਂ ਦਿੱਤਾ। ਮੈਂ ਵਿਦੇਸ਼ ਮਾਮਲਿਆਂ ਜਾਂ ਦੁਵੱਲੇ ਰਿਸ਼ਤਿਆਂ ਦੀ ਗੱਲ ਨਹੀਂ ਕਰਨਾ ਚਾਹੁੰਦੀ। ਪਰ ਮੈਂ ਨੋਟਿਸ ਕੀਤਾ ਹੈ ਕਿ ਜਦੋਂ ਕਦੇ ਕੋਈ ਮੁਲਕ ਮੈਨੂੰ ਵਿਦੇਸ਼ ਫੇਰੀ ਲਈ ਸੱਦਾ ਦਿੰਦਾ ਹੈ, ਕੇਂਦਰ ਮੈਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਮੈਂ ਜਾਣਨਾ ਚਾਹੁੰਦੀ ਹਾਂ ਕਿ ਕੇਂਦਰ ਸਰਕਾਰ ਮੇਰੀ ਵਿਦੇਸ਼ੀ ਮਹਿਮਾਨਾਂ ਨਾਲ ਮੀਟਿੰਗ ਤੋਂ ਇੰਨਾ ਫਿਕਰਮੰਦ ਕਿਉਂ ਹੈ।’’ ਉਧਰ ਕੇਂਦਰ ਨੇ ਮਮਤਾ ਦੀ ਨੁਕਤਾਚੀਨੀ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਜਦੋਂ ਕਿਸੇ ਦੂਜੇ ਮੁਲਕ ਦਾ ਮੁਖੀ ਫੇਰੀ ’ਤੇ ਆਉਂਦਾ ਹੈ ਤਾਂ ਮੁੱਖ ਮੰਤਰੀਆਂ ਨੂੰ ਸੱਦਾ ਪੱਤਰ ਨਹੀਂ ਭੇਜਿਆ ਜਾਂਦਾ। -ਪੀਟੀਆਈ
ਮਮਤਾ ਨੇ ਕੇਂਦਰ ਨੂੰ ਘੇਰਿਆ
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਵੀਂ ਦਿੱਲੀ ਵਿੱਚ ਇੰਡੀਆ ਗੇਟ ਨੇੜੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਬੁੱਤ ਦੀ ਘੁੰਡ ਚੁਕਾਈ ਲਈ ਰੱਖੇ ਸਮਾਗਮ ਵਾਸਤੇ ਅਧੀਨ ਸਕੱਤਰ ਰਾਹੀਂ ਭੇਜੇ ਸੱਦਾ ਪੱਤਰ ਲਈ ਕੇਂਦਰ ਸਰਕਾਰ ਦੀ ਨੁਕਤਾਚੀਨੀ ਕੀਤੀ ਹੈ। ਮਮਤਾ ਨੇ ਕਿਹਾ ਕਿ ਇਹ ਮੋਦੀ ਸਰਕਾਰ ਵਿੱਚ ‘ਸ਼ਿਸ਼ਟਾਚਾਰ ਦੀ ਘਾਟ’ ਨੂੰ ਦਰਸਾਉਂਦਾ ਹੈ। ਮਮਤਾ ਨੇ ਕਿਹਾ ਕਿ ਉਹ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀ ‘ਨੌਕਰ ਨਹੀਂ’ ਹੈ। ਮੁੱਖ ਮੰਤਰੀ ਨੇ ਕਿਹਾ, ‘‘ਮੈਨੂੰ ਅਧੀਨ ਸਕੱਤਰ ਪੱਧਰ ਦੇ ਅਧਿਕਾਰੀ ਦਾ ਮੰਗਲਵਾਰ ਨੂੰ ਪੱਤਰ ਮਿਲਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ 7 ਵਜੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਬੁੱਤ ਦੀ ਘੁੰਡ ਚੁਕਾਈ ਕਰਨਗੇ ਤੇ ਮੈਂ ਸ਼ਾਮ 6 ਵਜੇ ਤੱਕ ਉਥੇ ਪੁੱਜ ਜਾਵਾਂ। ਕੀ ਤੁਸੀਂ ਕਿਸੇ ਚੁਣੇ ਹੋਈ ਮੁੱਖ ਮੁੰਤਰੀ ਨੂੰ ਇੰਜ ਲਿਖਦੇ ਹੋ? ਕੀ ਮੈਂ ਬੰਧੂਆ ਮਜ਼ਦੂਰ ਹਾਂ? ਅਧੀਨ ਸਕੱਤਰ ਮੁੱਖ ਮੰਤਰੀ ਨੂੰ ਸੱਦਾ ਭੇਜਣ ਲਈ ਨਹੀਂ ਲਿਖ ਸਕਦਾ। ਕੀ ਸਭਿਆਚਾਰ ਮੰਤਰਾਲਾ ਮੈਨੂੰ ਨਹੀਂ ਲਿਖ ਸਕਦਾ ਸੀ।’’ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦੀ ਥਾਂ ‘ਕੋਲਕਾਤਾ ਵਿੱਚ ਹੀ ਨੇਤਾਜੀ ਦੇ ਬੁੱਤ ’ਤੇ ਫੁੱਲ ਮਾਲਾਵਾਂ ਚੜ੍ਹਾਉਣ ਦਾ ਫੈਸਲਾ ਕੀਤਾ।’ -ਪੀਟੀਆਈ