ਪਟਨਾ: ਭਾਰਤੀ ਜਨਤਾ ਪਾਰਟੀ ਵੱਲੋਂ ਬਿਹਾਰ ’ਚ ‘ਜੰਗਲ ਰਾਜ ਦੀ ਵਾਪਸੀ’ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਖਾਰਜ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕਿਹਾ ਕਿ ਉਹ ਸਹੀ ਸਮਾਂ ਆਉਣ ’ਤੇ ਇਸ ਦਾ ਜਵਾਬ ਦੇਣਗੇ। ਆਰਜੇਡੀ ਦੇ ਐੱਮਐੱਲਸੀ ਕਾਰਤੀਕੇਯ ਸਿੰੰਘ ਨੂੰ ਮੰਤਰੀ ਬਣਾਏ ਜਾਣ ਮਗਰੋਂ ਪੈਦਾ ਹੋਏ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ ਤੇ ਉਹ ਇਸ ਸਬੰਧੀ ਕਾਰਵਾਈ ਕਰ ਰਹੇ ਹਨ। ਉਨ੍ਹਾਂ ਕਿਹਾ, ‘ਮੈਂ ਉਨ੍ਹਾਂ (ਭਾਜਪਾ) ਨੂੰ ਸਹੀ ਸਮਾਂ ਆਉਣ ’ਤੇ ਜਵਾਬ ਦੇਵਾਂਗਾ। ਉਹ ਬਹੁਤ ਬੋਲਦੇ ਹਨ। ਇਸ ਸਮੇਂ ਮੈਂ ਲੋਕਾਂ ਨੂੰ ਸਿਰਫ਼ ਇਹੀ ਭਰੋਸਾ ਦੇਵਾਂਗਾ ਕਿ ਨਵੀਂ ਸਰਕਾਰ ਅਧੀਨ ਵਿਕਾਸ ਦੀ ਰਫ਼ਤਾਰ ਪਹਿਲਾਂ ਨਾਲੋਂ ਵੀ ਤੇਜ਼ ਹੋਵੇਗੀ।’ ਇਸੇ ਦੌਰਾਨ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ, ‘ਭਾਜਪਾ ਕੋਲ ਹੁਣ ਕਰਨ ਲਈ ਕੁਝ ਨਹੀਂ ਬਚਿਆ। ਮੁੱਖ ਮੰਤਰੀ ਵੱਲੋਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਸਬੰਧੀ ਕੀਤੇ ਐਲਾਨ ਤੋਂ ਵੀ ਭਾਜਪਾ ਪ੍ਰੇਸ਼ਾਨ ਹੈ। ਇਸ ਲਈ ਇਹ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।’ -ਪੀਟੀਆਈ