ਮੇਰਠ, 7 ਮਾਰਚ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਵਾਂਗ ਹਰੇਗ ਪਿੰਡ ’ਚ ਅੰਦੋਲਨ ਕਰਨ ਦਾ ਸੱਦਾ ਦਿੱਤਾ ਹੈ। ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਮਹਾਪੰਚਾਇਤ ’ਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਜਦੋਂ ਵੀ ਤੁਸੀਂ ਸੰਕਟ ’ਚ ਹੋਵੋਗੇ, ਕਾਂਗਰਸ ਤੁਹਾਡੇ ਨਾਲ ਖੜ੍ਹੀ ਹੋਵੇਗੀ। ਤੁਹਾਡੀ ਲੜਾਈ ਮੇਰੀ ਹੈ ਅਤੇ ਜਦੋਂ ਤੱਕ ਮੇਰੇ ’ਚ ਸਾਹ ਹਨ, ਮੈਂ ਤੁਹਾਡੇ ਨਾਲ ਸਰਕਾਰ ਖ਼ਿਲਾਫ਼ ਲੜਾਂਗੀ।’’ ਉਨ੍ਹਾਂ ਦੋਸ਼ ਲਾਇਆ ਕਿ ਅੰਗਰੇਜ਼ਾਂ ਵਾਂਗ ਭਾਜਪਾ ਸਰਕਾਰ ਕਿਸਾਨਾਂ ਦਾ ਸ਼ੋਸ਼ਣ ਕਰ ਰਹੀ ਹੈ। ਉਨ੍ਹਾਂ ਕਿਹਾ,‘‘ਇਹ ਮੇਰਠ ਦੀ ਧਰਤੀ ਹੈ। ਇਥੋਂ ਆਜ਼ਾਦੀ ਦਾ ਪਹਿਲਾ ਗਦਰ ਸ਼ੁਰੂ ਹੋਇਆ ਸੀ। ਉਸ ਸਮੇਂ ਆਜ਼ਾਦੀ ਦੀ ਜੰਗ ’ਚ ਕਿਸਾਨ ਵੀ ਸ਼ਾਮਲ ਸਨ ਅਤੇ ਅੰਗਰੇਜ਼ੀ ਹਕੂਮਤ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਸੀ। ਬਸ ਉਹੋ ਜਿਹੇ ਹਾਲਾਤ ਹੁਣ ਵੀ ਬਣੇ ਹੋਏ ਹਨ।’’ ਪ੍ਰਿਯੰਕਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਦੀ ਆਮਦਨ ਨੂੰ ਖੋਰਾ ਲੱਗੇਗਾ ਜਦਕਿ ਇਹ ਕਾਨੂੰਨ ਵੱਡੇ ਕਾਰੋਬਾਰੀਆਂ ਨੂੰ ਮੁਨਾਫ਼ਾ ਦੇਣਗੇ।
ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕਾਨੂੰਨ ਕਿਸਾਨਾਂ ਦੇ ਲਾਭ ਲਈ ਬਣੇ ਹਨ ਤਾਂ ਫਿਰ ਉਹ ਦਿੱਲੀ ਦੇ ਬਾਰਡਰਾਂ ’ਤੇ ਅੰਦੋਲਨ ਕਿਉਂ ਕਰ ਰਹੇ ਹਨ। ਟਰੈਕਟਰ ’ਤੇ ਸਵਾਰ ਹੋ ਕੇ ਰੈਲੀ ਵਾਲੀ ਥਾਂ ’ਤੇ ਪੁੱਜੀ ਪ੍ਰਿਯੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਮਰੀਕਾ, ਪਾਕਿਸਤਾਨ ਅਤੇ ਚੀਨ ਆਦਿ ਮੁਲਕਾਂ ’ਚ ਘੁੰਮ ਕੇ ਆ ਗਏ ਹਨ ਪਰ ਕਿਸਾਨਾਂ ਕੋਲ ਨਹੀਂ ਪਹੁੰਚ ਰਹੇ ਹਨ। ‘ਸਰਕਾਰ ਨੇ ਜਿਹੋ ਜਿਹੇ ਹਾਲਾਤ ਕਿਸਾਨਾਂ ਲਈ ਬਣਾਏ ਹਨ, ਉਹੋ ਜਿਹੇ ਹਾਲਾਤ ਸਰਕਾਰ ਲਈ ਪੈਦਾ ਕਰਨੇ ਚਾਹੀਦੇ ਹਨ।’ ਉਨ੍ਹਾਂ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਦੋ ਮਿੰਟ ਦਾ ਮੌਨ ਵੀ ਧਾਰਿਆ। -ਪੀਟੀਆਈ