ਭੋਪਾਲ, 1 ਜੂਨ
ਭਾਜਪਾ ਪ੍ਰਧਾਨ ਜੇ.ਪੀ.ਨੱਢਾ ਨੇ ਟੀਡੀਪੀ, ਨੈਸ਼ਨਲ ਕਾਨਫਰੰਸ, ਲੋਕ ਦਲ, ਸ਼੍ਰੋਮਣੀ ਅਕਾਲੀ ਦਲ, ਸ਼ਿਵ ਸੈਨਾ, ਐੱਨਸੀਪੀ, ਡੀਐੱਮਕੇ ਤੇ ਹੋਰਨਾਂ ਨੂੰ ‘ਪਰਿਵਾਰਵਾਦ ਦੀ ਸਿਆਸਤ’ ਦੀ ਮਿਸਾਲ ਕਰਾਰ ਦਿੰਦਿਆਂ ਕਿਹਾ ਕਿ ਭਗਵਾ ਪਾਰਟੀ ਇਸ ਦੇ ਖਿਲਾਫ਼ ਹੈ ਅਤੇ (ਜ਼ਿਮਨੀ ਚੋਣਾਂ ਦੌਰਾਨ) ਸੀਟਾਂ ਹਾਰਨ ਦੀ ਕੀਮਤ ਉੱਤੇ ਵੀ ਆਪਣੇ ਇਸ ਸਿਧਾਂਤ ’ਤੇ ਕਾਇਮ ਰਹੇਗੀ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਨੱਢਾ ਨੇ ਕਿਹਾ ਕਿ ਜਿੱਥੋਂ ਤੱਕ ਕੁਝ ਭਾਜਪਾ ਆਗੂਆਂ, ਜੋ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਹਨ, ਦੇ ਪੁੱਤਰਾਂ ਨੂੰ ਨੁਮਾਇੰਦਗੀ ਦੇਣ ਦੀ ਗੱਲ ਹੈ ਤਾਂ ਭਾਜਪਾ ਆਪਣੀ ਪਾਲਿਸੀ ਮੁਤਾਬਕ ਪਾਰਟੀ ਵਰਕਰਾਂ ਨੂੰ ਤਰੱਕੀਆਂ ਦਿੰਦੀ ਰਹੇਗੀ। ਨੱਢਾ ਨੇ ਕਿਹਾ ਕਿ ਜੇਕਰ ਭਾਜਪਾ ਨੇ ਵੀ ਪਰਿਵਾਰਵਾਦ ਦੀ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਤਾਂ ਕੋਈ ਵੀ ਵਰਕਰ ਇਸ (ਪਾਰਟੀ) ਵਿੱਚ ਸ਼ਾਮਲ ਹੋਣ ਲਈ ਅੱਗੇ ਨਹੀਂ ਆਏਗਾ।
ਸ੍ਰੀ ਨੱਢਾ ਨੇ ਕਿਹਾ, ‘‘ਪਰਿਵਾਰਵਾਦ ਦੀ ਸਿਆਸਤ ਨੂੰ ਸਮਝਣ ਦੀ ਲੋੜ ਹੈ, ਜਿਸ ਵਿੱਚ ਪਿਤਾ ਪ੍ਰਧਾਨ ਤੇ ਪੁੱਤਰ ਉਸੇ ਪਾਰਟੀ ਦਾ ਜਨਰਲ ਸਕੱਤਰ ਹੈ। ਟੀਡੀਪੀ, ਨੈਸ਼ਨਲ ਕਾਨਫਰੰਸ, ਲੋਕ ਦਲ, ਸ਼੍ਰੋਮਣੀ ਅਕਾਲੀ ਦਲ, ਸ਼ਿਵ ਸੈਨਾ, ਐੱਨਸੀਪੀ, ਡੀਐੱਮਕੇ ਤੇ ਹੋਰ ਕਈ ਪਾਰਟੀਆਂ ਪਰਿਵਾਰਵਾਦ ਦੀ ਸਿਆਸਤ ਦੀਆਂ ਮਿਸਾਲਾਂ ਹਨ।’’ ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਭਾਜਪਾ ਦੀ ਹੀ ਸਰਕਾਰ ਹੈ ਤੇ ਪਾਰਟੀ ਜ਼ਿਮਨੀ ਚੋਣ ਵਾਲੀਆਂ ਦੋਵੇਂ ਸੀਟਾਂ ਜਿੱਤ ਸਕਦੀ ਹੈ, ਪਰ ਪਾਰਟੀ ਪਰਿਵਾਰਵਾਦ ਦੀ ਸਿਆਸਤ ਨੂੰ ਲੈ ਕੇ ਆਪਣੇ ਸਿਧਾਂਤ ਨਾਲ ਸਮਝੌਤਾ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਇਹੀ ਨੀਤੀ ਉੱਤਰ ਪ੍ਰਦੇਸ਼ ਵਿੱਚ ਵੀ ਅਪਣਾਈ ਜਾਵੇਗੀ। -ਪੀਟੀਆਈ