ਸ੍ਰੀਨਗਰ, 10 ਅਗਸਤ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਇੱਥੇ ਪਾਰਟੀ ਦੇ ਨਵੇਂ ਹੈੱਡਕੁਆਰਟਰ ਦਾ ਉਦਘਾਟਨ ਕਰਨ ਮੌਕੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੰਮੂ ਕਸ਼ਮੀਰ ਦਾ ਸੂਬੇ ਦਾ ਦਰਜਾ ਬਹਾਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਦੇਸ਼ ਨੂੰ ਵੰਡਣ ਵਾਲੀ ਵਿਚਾਰਧਾਰਾ’ ਖ਼ਿਲਾਫ਼ ਲੜਾਈ ਜਾਰੀ ਰੱਖਣਗੇ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਧਿਰ ਨੂੰ ਸੰਸਦ ਵਿੱਚ ਖੇਤੀ ਕਾਨੂੰਨਾਂ, ਜਾਸੂਸੀ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਵਰਗੇ ਮਹੱਤਵਪੂਰਨ ਮੁੱਦੇ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਨੇ ਨਾ ਸਿਰਫ਼ ਜੰਮੂ ਕਸ਼ਮੀਰ, ਸਗੋਂ ਪੂਰੇ ਦੇਸ਼ ’ਤੇ ਹਮਲਾ ਕੀਤਾ ਹੈ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਦੇਸ਼ ’ਚ ਮੀਡੀਆ ਨੂੰ ਦਬਾਇਆ ਜਾ ਰਿਹਾ ਹੈ ਤੇ ਇਸ ਨੂੰ ਆਪਣਾ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੜਾਈ ਕਿਸੇ ਵਿਅਕਤੀ ਖ਼ਿਲਾਫ਼ ਨਹੀਂ, ਸਗੋਂ ਡਰ ਤੇ ਨਫ਼ਰਤ ਖ਼ਿਲਾਫ਼ ਹੈ। ਇਸ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਵੀ ਉਹ ਕਸ਼ਮੀਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਘਰ ਵਰਗਾ ਅਹਿਸਾਸ ਹੁੰਦਾ ਹੈ। ਉਨ੍ਹਾਂ ਨੇ ਭਾਵੁਕ ਹੁੰਦਿਆਂ ਆਖਿਆ, ‘ਮੇਰਾ ਪਰਿਵਾਰ ਦਿੱਲੀ ਰਹਿੰਦਾ ਹੈ। ਇਸ ਤੋਂ ਪਹਿਲਾਂ ਮੇਰਾ ਪਰਿਵਾਰ ਅਲਾਹਾਬਾਦ ਤੇ ਉਸ ਤੋਂ ਵੀ ਪਹਿਲਾਂ ਕਸ਼ਮੀਰ ’ਚ ਰਹਿੰਦਾ ਸੀ। ਮੈਂ ਤੁਹਾਨੂੰ ਸਮਝਦਾ ਹਾਂ, ਮੇਰੇ ਪਰਿਵਾਰ ਨੇ ਜ਼ਰੂਰ ਜਿਹਲਮ ਨਦੀ ਦਾ ਪਾਣੀ ਪੀਤਾ ਹੋਵੇਗਾ। ਕਸ਼ਮੀਰੀਅਤ, ਇੱਥੋਂ ਦਾ ਸੱਭਿਆਚਾਰ ਤੇ ਵਿਚਾਰਧਾਰਾ ਮੇਰੇ ’ਚ ਵੀ ਹੋਣਗੇ।’ ਉਨ੍ਹਾਂ ਕਿਹਾ ਕਿ ਉਹ ਇੱਥੇ ਪਿਆਰ ਤੇ ਸਨਮਾਨ ਦਾ ਸੁਨੇਹਾ ਲੈ ਕੇ ਆਏ ਹਨ। ਉਨ੍ਹਾਂ ਆਖਿਆ, ‘ਚੋਣਾਂ ਤੋਂ ਪਹਿਲਾਂ ਸੂਬੇ ਦਾ ਦਰਜਾ ਬਹਾਲ ਹੋਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਜਮਹੂਰੀਅਤ ਦੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ।’ -ਪੀਟੀਆਈ
ਰਾਹੁਲ ਨੇ ਖੀਰ ਭਵਾਨੀ ਮੰਦਰ ਅਤੇ ਹਜ਼ਰਤਬਲ ਦਰਗਾਹ ’ਤੇ ਮੱਥਾ ਟੇਕਿਆ
ਰਾਹੁਲ ਗਾਂਧੀ ਨੇ ਅੱਜ ਜੰਮੂ ਤੇ ਕਸ਼ਮੀਰ ਦੇ ਜ਼ਿਲ੍ਹੇ ਗੰਧਰਬਲ ਵਿੱਚ ਸਥਿਤ ਖੀਰ ਭਵਾਨੀ ਮੰਦਰ ਤੇ ਹਜ਼ਰਤਬਲ ਦਰਗਾਹ ’ਤੇ ਮੱਥਾ ਟੇਕਿਆ। ਉਹ ਅੱਜ ਸਵੇਰੇ ਮੰਦਰ ਪੁੱਜੇ ਤੇ ਇਸ ਵੇਲੇ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਏਆਈਸੀਸੀ ਦੇ ਜੰਮੂ ਕਸ਼ਮੀਰ ਮਾਮਲਿਆਂ ਦੇ ਇੰਚਾਰਜ ਰਜਨੀ ਪਾਟਿਲ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਨੇ ਜੰਮੂ ਤੇ ਲੱਦਾਖ ਜਾਣ ਦੀ ਗੱਲ ਵੀ ਆਖੀ।
ਚੋਣਾਂ ਤੋਂ ਪਹਿਲਾਂ ਰਾਜ ਦਾ ਦਰਜਾ ਬਹਾਲ ਕੀਤਾ ਜਾਣਾ ਚਾਹੀਦੈ: ਆਜ਼ਾਦ
ਸ੍ਰੀਨਗਰ: ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਅੱਜ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜੰਮੂ ਕਸ਼ਮੀਰ ਵਾਸੀਆਂ ਲਈ ਜ਼ਮੀਨ ਤੇ ਨੌਕਰੀ ਦੇ ਅਧਿਕਾਰਾਂ ਦੀ ਵਕਾਲਤ ਵੀ ਕੀਤੀ। ਇੱਥੇ ਖੀਰ ਭਵਾਨੀ ਮੰਦਰ ਦੇ ਬਾਹਰ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ 1990 ਦੀ ਸ਼ੁਰੂਆਤ ਵਿੱਚ ਅਤਿਵਾਦ ਕਾਰਨ ਘਾਟੀ ਤੋਂ ਬਾਹਰ ਗਏ ਕਸ਼ਮੀਰੀ ਪੰਡਤਾਂ ਨੂੰ ਵਾਪਸ ਬੁਲਾਇਆ ਜਾਣਾ ਚਾਹੀਦਾ ਹੈ। ਉਧਰ, ਗੁਲਾਮ ਨਬੀ ਆਜ਼ਾਦ ਦੇ ਇਸ ਸੁਝਾਅ ’ਤੇ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਬਹੁਤ ਸਾਰੇ ਮੁੱਦੇ ਸੰਸਦ ਵਿੱਚ ਚੁੱਕਣਾ ਚਾਹੁੰਦੇ ਹਨ ਪਰ ਵਿਰੋਧੀ ਧਿਰ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। -ਪੀਟੀਆਈ