ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਇਕ ਵਿਅਕਤੀ ਨੂੰ ਕਿਹਾ ਕਿ ਉਹ ਆਪਣੀ ਪਤਨੀ ਨੂੰ ਤਾਂ ਤਲਾਕ ਦੇ ਸਕਦਾ ਹੈ ਪਰ ਬੱਚਿਆਂ ਨੂੰ ਨਹੀਂ। ਸਿਖਰਲੀ ਅਦਾਲਤ ਨੇ ਉਸ ਨੂੰ ਛੇ ਮਹੀਨਿਆਂ ਦੇ ਅੰਦਰ ਸਮਝੌਤੇ ਤਹਿਤ ਚਾਰ ਕਰੋੜ ਰੁਪਏ ਅਦਾ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ 2019 ਤੋਂ ਵੱਖ ਰਹਿ ਰਹੇ ਜੋੜੇ ਨੂੰ ਆਪਸੀ ਸਹਿਮਤੀ ਨਾਲ ਤਲਾਕ ਲੈਣ ਦੀ ਮਨਜ਼ੂਰੀ ਦਿੱਤੀ ਸੀ। ਸੁਣਵਾਈ ਦੌਰਾਨ ਪਤੀ ਨੇ ਕਿਹਾ ਕਿ ਮਹਾਮਾਰੀ ਕਾਰਨ ਉਸ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਤੇ ਇਸ ਨੂੰ ਪੈਸੇ ਦੇਣ ਲਈ ਕੁਝ ਸਮਾਂ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਪਤੀ ਖ਼ੁਦ ਇਹ ਰਾਸ਼ੀ ਦੇਣ ਲਈ ਸਹਿਮਤ ਹੋਇਆ ਸੀ। ਹੁਣ ਬੱਚਿਆਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਤਾਂ ਉਸ ਨੂੰ ਲੈਣੀ ਹੀ ਪਏਗੀ। ਅਦਾਲਤ ਨੇ ਪਹਿਲੀ ਸਤੰਬਰ ਤੱਕ ਪਤੀ ਨੂੰ ਇਕ ਕਰੋੜ ਰੁਪਏ ਦੇਣ ਲਈ ਕਿਹਾ। ਬਾਕੀ ਰਾਸ਼ੀ 30 ਸਤੰਬਰ ਤੱਕ ਦੇਣ ਦੇ ਹੁਕਮ ਦਿੱਤੇ ਹਨ। -ਪੀਟੀਆਈ