ਨਵੀਂ ਦਿੱਲੀ, 8 ਅਕਤੂਬਰ
ਸੀਨੀਅਰ ਕਾਂਗਰਸ ਆਗੂ ਕਪਿਲ ਸਿੱਬਲ ਨੇ ਅੱਜ ਲਖੀਮਪੁਰ ਖੀਰੀ ਦੀ ਘਟਨਾ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਆਲ ਕਰਦਿਆਂ ਪੁੱਛਿਆ ਕਿ ਉਹ ‘ਚੁੱਪ ਕਿਉਂ ਹਨ?’ ਸਿੱਬਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਤਾਂ ‘ਹਮਦਰਦੀ ਦਾ ਸਿਰਫ਼ ਇਕ ਸ਼ਬਦ’ ਹੀ ਲੋੜੀਂਦਾ ਸੀ। ਇਕ ਟਵੀਟ ਵਿਚ ਸਿੱਬਲ ਨੇ ਕਿਹਾ ‘ਲਖੀਮਪੁਰ ਖੀਰੀ ਦੀ ਦਰਦਨਾਕ ਘਟਨਾ। ਮੋਦੀ ਜੀ, ਤੁਸੀਂ ਚੁੱਪ ਕਿਉਂ ਹੋ? ਸਾਨੂੰ ਤੁਹਾਡੇ ਕੋਲੋਂ ਬਸ ਹਮਦਰਦੀ ਦੇ ਇਕ ਬੋਲ ਦੀ ਹੀ ਆਸ ਸੀ, ਉਹ ਤਾਂ ਐਨਾ ਔਖਾ ਨਹੀਂ ਸੀ ਹੋਣਾ ਚਾਹੀਦਾ! ਜੇਕਰ ਤੁਸੀਂ ਵਿਰੋਧੀ ਧਿਰ ਵਿਚ ਹੁੰਦੇ ਤਾਂ ਤੁਹਾਡੀ ਕੀ ਪ੍ਰਤੀਕਿਰਿਆ ਹੁੰਦੀ? ਸਾਨੂੰ ਦੱਸੋ।’ ਇਸੇ ਤਰ੍ਹਾਂ ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜੈਅੰਤ ਚੌਧਰੀ ਨੇ ਵੀ ਕਿਹਾ ਕਿ ਲਖੀਮਪੁਰ ਖੀਰੀ ਦੀ ਘਟਨਾ ਕਿਸੇ ‘ਅਤਿਵਾਦੀ ਹਮਲੇ’ ਤੋਂ ਘੱਟ ਨਹੀਂ ਹੈ। ਜੈਅੰਤ ਨੇ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਤੇ ਉਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। -ਪੀਟੀਆਈ/ਆਈਏਐਨਐੱਸ