ਨਵੀਂ ਦਿੱਲੀ, 30 ਅਗਸਤ
ਟਮਾਟਰ ਦੀ ਪੈਦਾਵਾਰ ਕਰਨ ਵਾਲੇ ਰਾਜਾਂ ਵਿੱਚ ਟਮਾਟਰ ਦੇ ਥੋਕ ਮੰਡੀਆਂ ਵਿਚ ਭਾਅ ਡਿੱਗ ਗਏ ਹਨ। ਸਰਕਾਰੀ ਅੰਕੜਿਆਂ ਵਿਚ ਸਾਹਮਣੇ ਆਇਆ ਹੈ ਕਿ ਸਪਲਾਈ ਜ਼ਿਆਦਾ ਹੋਣ ਕਾਰਨ ਟਮਾਟਰ ਦੀਆਂ ਥੋਕ ਵਿਚ ਕੀਮਤਾਂ ਚਾਰ ਰੁਪਏ ਕਿੱਲੋ ਰਹਿ ਗਈਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਟਮਾਟਰ ਦੀ ਖੇਤੀ ਕਰਨ ਵਾਲੇ 31 ਵਿਚੋਂ 23 ਕੇਂਦਰਾਂ ਵਿਚ ਟਮਾਟਰ ਦੀਆਂ ਕੀਮਤਾਂ ਪਿਛਲੇ ਸਾਲ ਨਾਲੋਂ 50 ਫੀਸਦੀ ਡਿੱਗ ਗਈਆਂ ਹਨ। ਮੱਧ ਪ੍ਰਦੇਸ਼ ਦੇ ਦੇਵਾਸ ਵਿਚ ਟਮਾਟਰਾਂ ਦੀ ਥੋਕ ਕੀਮਤ ਅੱਠ ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਮਹਾਰਾਸ਼ਟਰ ਦੇ ਜਲਗਾਉਂ ਵਿਚ ਟਮਾਟਰ ਚਾਰ ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਔਰੰਗਾਬਾਦ ਵਿਚ ਟਮਾਟਰ ਸਾਢੇ ਚਾਰ ਰੁਪਏ ਮਿਲ ਰਿਹਾ ਹੈ। ਸੋਲਾਪੁਰ ਤੇ ਕੋਹਲਾਪੁਰ ਵਿੱਚ ਟਮਾਟਰ ਕ੍ਰਮਵਾਰ ਪੰਜ ਤੇ ਸਾਢੇ ਛੇ ਰੁਪਏ ਕਿਲੋ ’ਤੇ ਉਪਲਬਧ ਹੈ। ਨੈਸ਼ਨਲ ਹਾਰਟੀਕਲਚਰ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੇ ਕਾਰਜਕਾਰੀ ਡਾਇਰੈਕਟਰ ਪੀ ਕੇ ਗੁਪਤਾ ਨੇ ਦੱਸਿਆ ਕਿ ਇਸ ਵਾਰ ਮੌਸਮ ਸ਼ਾਜਗਾਰ ਹੋਣ ਕਾਰਨ ਟਮਾਟਰ ਦੀ ਫਸਲ ਚੰਗੀ ਹੋਈ ਹੈ।-ਪੀਟੀਆਈ