ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਰੋਨਾ ਤੋਂ ਬਚਾਅ ਲਈ ਵੈਕਸੀਨੇਸ਼ਨ ਦੀ ਹੌਲੀ ਰਫ਼ਤਾਰ ਦੇ ਸਬੰਧ ’ਚ ਸਰਕਾਰ ਦੀ ਆਲੋਚਨਾ ਕਰਦਿਆਂ ਸਵਾਲ ਕੀਤਾ ਹੈ ਕਿ ਦੇਸ਼ ਦੇ ਗੜਬੜੀ ਵਾਲੇ ਵੈਕਸੀਨ ਪ੍ਰੋਗਰਾਮ ਲਈ ਜ਼ਿੰਮੇਵਾਰ ਕੌਣ ਹੈ? ਉਧਰ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਸਾਰਿਆਂ ਨੂੰ ਮੁਫ਼ਤ ’ਚ ਕਰੋਨਾ ਦੇ ਟੀਕੇ ਲਗਾਏ ਜਾਣ ਦੀ ਆਵਾਜ਼ ਬੁਲੰਦ ਕਰਨ। ਪ੍ਰਿਯੰਕਾ ਨੇ ਹੈਸ਼ਟੈਗ ‘ਸਪੀਕ ਅੱਪ ਫਾਰ ਫਰੀ ਯੂਨੀਵਰਸਲ ਵੈਕਸੀਨੇਸ਼ਨ’ ਨਾਲ ਟਵੀਟ ਕਰਦਿਆਂ ਲਿਖਿਆ ਹੈ,‘‘ਅਸੀਂ ਦੁਨੀਆ ’ਚ ਸਭ ਤੋਂ ਵੱਡੇ ਵੈਕਸੀਨ ਨਿਰਮਾਤਾਵਾਂ ’ਚੋਂ ਇਕ ਹਾਂ। ਪਰ ਫਿਰ ਵੀ ਸਾਡੀ ਸਿਰਫ਼ 3.4 ਫ਼ੀਸਦ ਅਬਾਦੀ ਨੂੰ ਪੂਰੀ ਤਰ੍ਹਾਂ ਨਾਲ ਟੀਕੇ ਲੱਗੇ ਹਨ। ਭਾਰਤ ਦੇ ਗੜਬੜ ਵਾਲੇ ਵੈਕਸੀਨੇਸ਼ਨ ਪ੍ਰੋਗਰਾਮ ਲਈ ਕੌਣ ਜ਼ਿੰਮੇਵਾਰ ਹੈ?’’ ਪ੍ਰਿਯੰਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਸਾਲ 15 ਅਗਸਤ ’ਤੇ ਦਿੱਤੇ ਗਏ ਭਾਸ਼ਨ ਦਾ ਵੀਡੀਓ ਵੀ ਨੱਥੀ ਕੀਤਾ ਹੈ ਜਿਸ ’ਚ ਸ੍ਰੀ ਮੋਦੀ ਨੇ ਐਲਾਨ ਕੀਤਾ ਸੀ ਕਿ ਦੇਸ਼ ਦੇ ਹਰ ਵਿਅਕਤੀ ਨੂੰ ਅਗਲੇ ਵਰ੍ਹੇ ਟੀਕਾ ਲਗਾਉਣ ਦੀ ਯੋਜਨਾ ਬਣਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ 2021 ਦਾ ਅੱਧ ਹੈ ਪਰ ਸਰਕਾਰ ਦੀ ਟੀਕਾਕਰਨ ਦਰ 19 ਲੱਖ ਰੋਜ਼ਾਨਾ ਹੈ। ‘ਸਾਨੂੰ ਟੀਚਾ ਹਾਸਲ ਕਰਨ ਲਈ ਰੋਜ਼ਾਨਾ 70 ਤੋਂ 80 ਲੱਖ ਲੋਕਾਂ ਨੂੰ ਟੀਕੇ ਲਗਾਉਣੇ ਪੈਣਗੇ। ਕੇਂਦਰ ਨੇ ਪਹਿਲਾਂ ਸਾਰੀ ਜ਼ਿੰਮੇਵਾਰੀ ਆਪਣੇ ਉਪਰ ਲਈ ਸੀ ਪਰ ਕਰੋਨਾ ਦੀ ਦੂਜੀ ਲਹਿਰ ਮਗਰੋਂ ਉਸ ਨੇ ਟੀਕਾਕਰਨ ਦੀ ਜ਼ਿੰਮੇਵਾਰੀ ਸੂਬਿਆਂ ’ਤੇ ਸੁੱਟ ਦਿੱਤੀ ਹੈ।’ ਪ੍ਰਿਯੰਕਾ ਨੇ ਕਿਹਾ ਕਿ ਮੋਦੀ ਸਰਕਾਰ ਜਰਮਨੀ, ਅਮਰੀਕਾ ਅਤੇ ਹੋਰ ਮੁਲਕਾਂ ਦੀ ਟੀਕਾਕਰਨ ਨੀਤੀ ਵਰਗੀ ਨੀਤੀ ਕਿਉਂ ਨਹੀਂ ਅਪਣਾ ਸਕਦੀ। ਇਕ ਵੱਖਰੇ ਟਵੀਟ ’ਚ ਰਾਹੁਲ ਗਾਂਧੀ ਨੇ ਕਿਹਾ ਕਿ ਵੈਕਸੀਨ ਕੋਵਿਡ ਖ਼ਿਲਾਫ਼ ਮਜ਼ਬੂਤ ਢਾਲ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਫ਼ਤ ਵੈਕਸੀਨੇਸ਼ਨ ਅਤੇ ਸਰਕਾਰ ਨੂੰ ਜਗਾਉਣ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। -ਆਈਏਐਨਐਸ