ਨਵੀਂ ਦਿੱਲੀ, 18 ਸਤੰਬਰ
ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਸਰਬਸੰਮਤੀ ਦਾ ਅੱਜ ਸਮਰਥਨ ਕੀਤਾ ਅਤੇ ਕਿਹਾ ਕਿ ਰਾਹੁਲ ਗਾਂਧੀ ਪਾਰਟੀ ਦੇ ਪ੍ਰਧਾਨ ਹੋਣ ਜਾਂ ਨਾ, ਪਰ ਉਨ੍ਹਾਂ ਦਾ ਪਾਰਟੀ ਵਿੱਚ ਹਮੇਸ਼ਾ ਵਿਸ਼ੇਸ਼ ਸਥਾਨ ਰਹੇਗਾ ਕਿਉਂਕਿ ਪਾਰਟੀ ਦੇ ਆਮ ਵਰਕਰਾਂ ਵਿੱਚ ਉਹ ਮਾਨਤਾ ਪ੍ਰਾਪਤ ਆਗੂ ਹਨ। ਸਾਬਕਾ ਕੇਂਦਰੀ ਮੰਤਰੀ ਚਿਦੰਬਰਮ ਨੇ ਏਆਈਸੀਸੀ ਦੇ ਪ੍ਰਧਾਨ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਕੁਝ ਦਿਨ ਪਹਿਲਾਂ ਕਿਹਾ ਕਿ ਅਜੇ ਤੱਕ ਰਾਹੁਲ ਗਾਂਧੀ ਨੇ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਲੇਣ ਤੋਂ ਇਨਕਾਰ ਕੀਤਾ ਹੈ, ਪਰ ਸ਼ਾਇਦ ਉਨ੍ਹਾਂ ਦਾ ਵਿਚਾਰ ਬਦਲ ਜਾਵੇ। ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਚਿਦੰਬਰਮ ਨੇ ਪੀਟੀਆਈ ਨੂੰ ਦਿੱਤੀ ਇਕ ਇੰਟਰਵਿਊ ਵਿੱਚ ਕਿਹਾ ਕਿ ਪਾਰਟੀ ਪ੍ਰਧਾਨ ਦੀ ਚੋਣ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ’ਤੇ ਕਿਸੇ ਵੀ ਵਿਵਾਦ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਚੋਣ ਅਥਾਰਿਟੀ ਦੇ ਪ੍ਰਧਾਨ ਮਧੂਸੂਦਨ ਮਿਸਤਰੀ ਜੇਕਰ ਕੁਝ ਆਗੂਆਂ ਦੀਆਂ ਚਿੰਤਾਵਾਂ ’ਤੇ ਪਹਿਲੇ ਹੀ ਦਿਨ ਬਿਆਨ ਦੇ ਦਿੰਦੇ ਤਾਂ ਮਾਮਲਾ ਉਦੋਂ ਹੀ ਸੁਲਝ ਜਾਂਦਾ। -ਪੀਟੀਆਈ