ਬਰੇਲੀ (ਯੂਪੀ): ਲਖੀਮਪੁਰ ਖੀਰੀ ’ਚ ਕਿਸਾਨਾਂ ਦੀ ‘ਅੰਤਿਮ ਅਰਦਾਸ’ ਲਈ ਜਾ ਰਹੇ ਰਾਸ਼ਟਰੀ ਲੋਕ ਦਲ ਦੇ ਮੁਖੀ ਜੈਯੰਤ ਚੌਧਰੀ ਨੂੰ ਅੱਜ ਇਥੇ ਪੌਣੇ ਘੰਟੇ ਦੇ ਕਰੀਬ ਬਰੇਲੀ ਹਵਾਈ ਅੱਡੇ ’ਤੇ ਰੋਕੀ ਰੱਖਿਆ ਗਿਆ। ਚੌਧਰੀ ਨੂੰ ਕਿਹਾ ਗਿਆ ਕਿ ਉਹ ਆਪਣੇ ਹਮਾਇਤੀਆਂ ਨੂੰ ਲਖੀਮਪੁਰ ਖੀਰੀ ਨਹੀਂ ਲਿਜਾ ਸਕਦੇ। ਆਰਐੱਲਡੀ ਆਗੂ ਨੂੰ ਹਾਲਾਂਕਿ ਮਗਰੋਂ ਸਿਰਫ਼ ਆਪਣੇ ਸੁਰੱਖਿਆ ਅਮਲੇ ਦੇ ਨਾਲ ਲਖੀਮਪੁਰ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਗਈ। ਉਧਰ ਆਰਐੱਲਡੀ ਵਰਕਰਾਂ ਨੂੰ ਜਦੋਂ ਇਹ ਖ਼ਬਰ ਲੱਗੀ ਤਾਂ ਉਹ ਹਵਾਈ ਅੱਡੇ ਦੇ ਬਾਹਰ ਧਰਨੇ ’ਤੇ ਬੈਠ ਗਏ। ਉਨ੍ਹਾਂ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਪੁਲੀਸ ਤੇ ਹੋਰਨਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਸ਼ਾਂਤ ਕੀਤਾ। ਵਧੀਕ ਜ਼ਿਲ੍ਹਾ ਮੈਜਿਸਟਰੇਟ ਮਹਿੰਦਰ ਕੁਮਾਰ ਸਿੰਘ ਨੇ ਕਿਹਾ ਕਿ ਜੈਯੰਤ ਨੂੰ ਕੁਝ ‘ਜ਼ਰੂਰੀ ਕਾਰਨਾਂ’ ਕਰਕੇ ਪੌਣੇ ਘੰਟੇ ਦੇ ਕਰੀਬ ਬਰੇਲੀ ਹਵਾਈ ਅੱਡੇ ’ਤੇ ਰੋਕਿਆ ਗਿਆ। ਬਰੇਲੀ ਤੋਂ ਰਵਾਨਾ ਹੋਣ ਮੌਕੇ ਜੈਯੰਤ ਨੇ ਕਿਹਾ ਕਿ ਉਹ 3 ਅਕਤੂਬਰ ਨੂੰ ਹੋਈ ਹਿੰਸਾ ’ਚ ਮਾਰੇ ਗਏ ਕਿਸਾਨਾਂ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਲਈ ਲਖੀਮਪੁਰ ਖੀਰੀ ਜਾ ਰਹੇ ਹਨ ਕਿਉਂਕਿ ਦੇਸ਼ ਦੀਆਂ ਭਾਵਨਾਵਾਂ ਇਨ੍ਹਾਂ ਕਿਸਾਨ ਪਰਿਵਾਰਾਂ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਸਰਕਾਰ ’ਤੇ ਤਾਨਾਸ਼ਾਹੀ ਰਵੱਈਆ ਅਖ਼ਤਿਆਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਇਸ ਮੁੱਦੇ ਤੋਂ ਧਿਆਨ ਹਟਾਉਣਾ ਚਾਹੁੰਦੀ ਹੈ। -ਪੀਟੀਆਈ