ਨਵੀਂ ਦਿੱਲੀ, 13 ਨਵੰਬਰ
ਪਹਿਲਾਂ ਤੋਂ ਹੀ ਦੇਸ਼ ਦੀ ਆਜ਼ਾਦੀ ਨੂੰ ‘ਭੀਖ’ ਦੱਸਣ ਕਰਕੇ ਵਿਵਾਦਾਂ ’ਚ ਘਿਰੀ ਅਦਾਕਾਰਾ ਕੰਗਨਾ ਰਣੌਤ ਨੇ ਅੱਜ ਨਵਾਂ ਸਵਾਲ ਦਾਗ਼ਦਿਆਂ ਕਿਹਾ ਹੈ ਕਿ 1947 ’ਚ ਕਿਹੜੀ ਜੰਗ ਲੜੀ ਗਈ ਸੀ। ਉਸ ਨੇ ਕਿਹਾ ਹੈ ਕਿ ਜੇਕਰ ਕੋਈ ਇਸ ਸਵਾਲ ਦਾ ਜਵਾਬ ਦੇਵੇਗਾ ਤਾਂ ਉਹ ਮੁਆਫ਼ੀ ਮੰਗਣ ਦੇ ਨਾਲ ਨਾਲ ਪਦਮ ਸ੍ਰੀ ਵੀ ਮੋੜ ਦੇਵੇਗੀ। ਆਪਣੀਆਂ ਭੜਕਾਊ ਟਿੱਪਣੀਆਂ ਕਾਰਨ ਹਮੇਸ਼ਾ ਸੁਰਖੀਆਂ ’ਚ ਰਹਿਣ ਵਾਲੀ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਕਈ ਸਵਾਲ ਉਠਾਉਂਦਿਆਂ ਦੇਸ਼ ਵੰਡ ਅਤੇ ਮਹਾਤਮਾ ਗਾਂਧੀ ਦਾ ਵੀ ਜ਼ਿਕਰ ਕੀਤਾ ਅਤੇ ਦੋਸ਼ ਲਾਇਆ ਕਿ ਉਨ੍ਹਾਂ ਭਗਤ ਸਿੰਘ ਨੂੰ ਮਰਨ ਦਿੱਤਾ ਤੇ ਸੁਭਾਸ਼ ਚੰਦਰ ਬੋਸ ਦੀ ਹਮਾਇਤ ਨਹੀਂ ਕੀਤੀ। ਉਸ ਨੇ ਬਾਲ ਗੰਗਾਧਰ ਤਿਲਕ, ਅਰਬਿੰਦੋ ਘੋਸ਼ ਅਤੇ ਬਿਪਿਨ ਚੰਦਰ ਪਾਲ ਸਮੇਤ ਕਈ ਸੁਤੰਤਰਤਾ ਸੰਗਰਾਮੀਆਂ ਦਾ ਜ਼ਿਕਰ ਕਰਦਿਆਂ ਇਕ ਕਿਤਾਬ ਦੇ ਅੰਸ਼ ਵੀ ਸਾਂਝੇ ਕੀਤੇ ਅਤੇ ਕਿਹਾ ਕਿ ਉਹ 1857 ਦੀ ‘ਆਜ਼ਾਦੀ ਲਈ ਸਾਂਝੀ ਜੰਗ’ ਬਾਰੇ ਤਾਂ ਜਾਣਦੀ ਸੀ ਪਰ 1947 ਦੀ ਜੰਗ ਬਾਰੇ ਕੁਝ ਵੀ ਪਤਾ ਨਹੀਂ ਹੈ। ਇੰਸਟਾਗ੍ਰਾਮ ਸਟੋਰੀਜ਼ ’ਚ ਅੰਗਰੇਜ਼ੀ ’ਚ ਇਕ ਲੰਬੀ ਪੋਸਟ ’ਚ ਉਸ ਨੇ ਲਿਖਿਆ,‘‘ਸਿਰਫ਼ ਸਹੀ ਬਿਉਰਾ ਦੇਣ ਲਈ…1857 ਆਜ਼ਾਦੀ ਲਈ ਪਹਿਲੀ ਸਾਂਝੀ ਲੜਾਈ ਸੀ ਅਤੇ ਸੁਭਾਸ਼ ਚੰਦਰ ਬੋਸ, ਰਾਣੀ ਲਕਸ਼ਮੀਬਾਈ ਅਤੇ ਵੀਰ ਸਾਵਰਕਰ ਜਿਹੇ ਮਹਾਨ ਵਿਅਕਤੀਆਂ ਨੇ ਆਪਣੀਆਂ ਕੁਰਬਰਾਨੀਆਂ ਦਿੱਤੀਆਂ ਸਨ।’’ ਉਸ ਨੇ 2019 ’ਚ ਆਈ ਆਪਣੀ ਫਿਲਮ ‘ਮਨੀਕਰਣਿਕਾ: ਦਿ ਕੁਈਨ ਆਫ਼ ਝਾਂਸੀ’ ਦੇ ਹਵਾਲੇ ਨਾਲ ਕਿਹਾ ਕਿ 1857 ਦੇ ਸੰਘਰਸ਼ ਦੌਰਾਨ ਰਾਸ਼ਟਰਵਾਦ ਦੇ ਨਾਲ ਸੱਜੇ ਪੱਖੀਆਂ ਦਾ ਵੀ ਉਭਾਰ ਹੋਇਆ ਸੀ। ਪਰ ਉਸ ਦੀ ਅਚਾਨਕ ਮੌਤ ਕਿਉਂ ਹੋਈ? ਅਤੇ ਗਾਂਧੀ ਨੇ ਭਗਤ ਸਿੰਘ ਨੂੰ ਕਿਉਂ ਮਰਨ ਦਿੱਤਾ…ਨੇਤਾ ਬੋਸ ਨੂੰ ਕਿਉਂ ਮਾਰਿਆ ਗਿਆ ਅਤੇ ਉਨ੍ਹਾਂ ਨੂੰ ਗਾਂਧੀ ਜੀ ਦੀ ਕਦੇ ਵੀ ਹਮਾਇਤ ਕਿਉਂ ਨਹੀਂ ਮਿਲੀ? ਵੰਡ ਦੀ ਲਕੀਰ ਇਕ ਗੋਰੇ ਵੱਲੋਂ ਕਿਉਂ ਖਿੱਚੀ ਗਈ ਸੀ? ਆਜ਼ਾਦੀ ਦਾ ਜਸ਼ਨ ਮਨਾਉਣ ਦੀ ਬਜਾਏ ਭਾਰਤੀਆਂ ਨੇ ਇਕ-ਦੂਜੇ ਨੂੰ ਕਿਉਂ ਮਾਰਿਆ, ਕੁਝ ਜਵਾਬ ਜਿਹੜੇ ਮੈਂ ਮੰਗ ਰਹੀ ਹਾਂ, ਕਿਰਪਾ ਕਰਕੇ ਮੈਨੂੰ ਇਹ ਜਵਾਬ ਲੱਭਣ ’ਚ ਸਹਾਇਤਾ ਕਰੋ।’’ ਬਰਤਾਨਵੀਆਂ ਵੱਲੋਂ ਭਾਰਤ ਨੂੰ ਰੱਜ ਕੇ ਲੁੱਟਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਆਈਐੱਨਏ ਵੱਲੋਂ ਇਕ ਛੋਟੀ ਜਿਹੀ ਲੜਾਈ ਨਾਲ ਹੀ ਦੇਸ਼ ਨੂੰ ਆਜ਼ਾਦੀ ਮਿਲ ਜਾਣੀ ਸੀ ਅਤੇ ਬੋਸ ਪ੍ਰਧਾਨ ਮੰਤਰੀ ਹੋ ਸਕਦੇ ਸਨ। ਉਸ ਨੇ ਲਿਖਿਆ,‘‘ਜਦੋਂ ਸੱਜੇ ਪੱਖੀ ਲੜਨ ਅਤੇ ਆਜ਼ਾਦੀ ਲੈਣ ਲਈ ਤਿਆਰ ਸਨ ਤਾਂ ਉਸ ਨੂੰ ਕਾਂਗਰਸ ਦੇ ਭੀਖ ਦੇ ਕਟੋਰੇ ’ਚ ਕਿਉਂ ਰੱਖਿਆ ਗਿਆ..ਕੀ ਕੋਈ ਮੈਨੂੰ ਸਮਝਾਉਣ ’ਚ ਮਦਦ ਕਰ ਸਕਦਾ ਹੈ।’’ ਆਪਣੇ ਬਿਆਨ ’ਚ ਉਸ ਨੇ 2014 ’ਚ ਆਜ਼ਾਦੀ ਮਿਲਣ ਬਾਰੇ ਵੀ ਸਪੱਸ਼ਟੀਕਰਨ ਦਿੱਤਾ ਹੈ। ਉਸ ਨੇ ਕਿਹਾ ਕਿ ਭੌਤਿਕ ਤੌਰ ’ਤੇ ਸਾਡੇ ਕੋਲ ਆਜ਼ਾਦੀ ਹੋ ਸਕਦੀ ਹੈ ਪਰ ਭਾਰਤ ਦੀ ਚੇਤਨਾ ਅਤੇ ਜ਼ਮੀਰ 2014 ’ਚ ਆਜ਼ਾਦ ਹੋਈ ਸੀ। ਉਸ ਮੁਤਾਬਕ ਮਰੀ ਹੋਈ ਸੱਭਿਅਤਾ ਜਿਉਂਦੀ ਹੋ ਗਈ ਹੈ ਅਤੇ ਆਪਣੇ ਪੰਖ ਫੈਲਾ ਕੇ ਹੁਣ ਉੱਚੀ ਉਡਾਣ ਭਰ ਰਹੀ ਹੈ। -ਪੀਟੀਆਈ