ਮਾਲਦਾ, 17 ਜੁਲਾਈ
ਪੰਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿੱਚ ਅੱਜ ਤੜਕੇ ਇੱਕ ਬੰਬ ਧਮਾਕੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਫਰਜਾਨ ਐੱਸਕੇ (45) ਅਤੇ ਸਫੀਕੁਲ ਇਸਲਾਮ (30) ਵਜੋਂ ਹੋਈ ਹੈ। ਇਹ ਦੋਵੇਂ ਜਦੋਂ ਮਾਨਿਕਚੱਕ ਥਾਣੇ ਅਧੀਨ ਪੈਂਦੇ ਜੇਸਰਥਲਾ ਬਲੁਟੋਲਾ ਦੇ ਇੱਕ ਖੇਤ ਵਿੱਚ ਬੰਬ ਬਣਾ ਰਹੇ ਸਨ ਕਿ ਅਚਾਨਕ ਧਮਾਕਾ ਹੋ ਗਿਆ।
ਪੁਲੀਸ ਅਧਿਕਾਰੀ ਨੇ ਦੱਸਿਆ, ‘‘ਸਥਾਨਕ ਲੋਕਾਂ ਨੇ ਦੁਪਹਿਰ 2:30 ਦੇ ਕਰੀਬ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ। ਜਦੋਂ ਤੱਕ ਸਾਡੇ ਮੁਲਾਜ਼ਮ ਮੌਕੇ ’ਤੇ ਪਹੁੰਚੇ, ਉਦੋਂ ਤੱਕ ਤਿੰਨ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਚੁੱਕਾ ਸੀ। ਇਨ੍ਹਾਂ ’ਚੋਂ ਦੋ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਜਦਕਿ ਤੀਜੇ ਵਿਅਕਤੀ ਦਾ ਮਾਲਦਾ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।’’ -ਪੀਟੀਆਈ