ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 29 ਅਪਰੈਲ
ਪੱਛਮੀ ਬੰਗਾਲ ਵਿਚ ਅੱਜ ਆਖਰੀ ਗੇੜ ਦੀਆਂ ਵੋਟਾਂ ਸਮਾਪਤ ਹੋਣ ਤੋਂ ਬਾਅਦ ਸਭ ਦੀਆਂ ਨਜ਼ਰਾਂ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੇ ਪੁਡੂਚੇਰੀ ਦੇ ਚੋਣ ਨਤੀਜਿਆਂ ’ਤੇ ਟਿਕ ਗਈਆਂ ਹਨ। ਪੱਛਮੀ ਬੰਗਾਲ ਵਿਚ ਅੱਜ 76.07 ਫੀਸਦੀ ਵੋਟਾਂ ਪਈਆਂ ਤੇ ਐਗਜ਼ਿਟ ਪੋਲ ਦੇ ਪੰਜ ਸਰਵੇਖਣਾਂ ਵਿਚੋਂ ਚਾਰ ’ਤੇ ਤ੍ਰਿਣਮੂਲ ਕਾਂਗਰਸ ਕੁਝ ਸੀਟਾਂ ਨਾਲ ਭਾਜਪਾ ਨਾਲੋਂ ਅੱਗੇ ਚਲ ਰਹੀ ਹੈ। ਇਸ ਤੋਂ ਇਲਾਵਾ ਤਾਮਿਲਨਾਡੂ, ਕੇਰਲਾ, ਅਸਾਮ ਤੇ ਪੁਡੂਚੇਰੀ ਵਿਚ ਵੋਟਾਂ ਪਈਆਂ ਸਨ। ਸਰਵੇਖਣਾਂ ਅਨੁਸਾਰ ਕੇਰਲਾ ਵਿਚ ਖੱਬੇ ਪੱਖੀਆਂ ਤੇ ਅਸਾਮ ਵਿਚ ਭਾਜਪਾ ਦੇ ਸੱਤਾ ਵਿਚ ਆਉਣ ਦੀ ਸੰਭਾਵਨਾ ਹੈ। ਤਾਮਿਲਨਾਡੂ ਵਿਚ ਡੀਐਮਕੇ ਦੀ ਅਗਵਾਈ ਵਾਲੇ ਗੱਠਜੋਡ ਨੂੰ ਅੱਗੇ ਦਿਖਾਇਆ ਗਿਆ ਹੈ। ਪੁਡੂਚੇਰੀ ਵਿਚ ਕਾਂਗਰਸ ਦੀ ਹਾਰ ਦਿਖਾਈ ਗਈ ਹੈ।