ਆਸਨਸੋਲ, 25 ਮਾਰਚ
ਪੱਛਮੀ ਬੰਗਾਲ ਦੇ ਪੱਛਮੀ ਵਰਧਮਾਨ ਜ਼ਿਲ੍ਹੇ ’ਚ ਇੱਕ ਦੇਸੀ ਬੰਬ ਫਟਣ ਕਾਰਨ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਇੱਕ ਸਮਰਥਕ ਦੀ ਮੌਤ ਹੋ ਗਈ। ਪੁਲੀਸ ਨੇ ਅੱਜ ਦੱਸਿਆ ਕਿ ਅੰਦਾਲ ਥਾਣੇ ਅਧੀਨ ਪੈਂਦੇ ਪਿੰਡ ਜਮੜਾਬਾਦ ਬੇਨੇੜੀ ’ਚ ਬੁੁੱਧਵਾਰ ਦੇਰ ਸ਼ਾਮ ਹੋਏ ਇਸ ਧਮਾਕੇ ’ਚ ਕਈ ਹੋਰ ਲੋਕ ਜ਼ਖ਼ਮੀ ਵੀ ਹੋਏ ਹਨ। ਸਥਾਨਕ ਸੂਤਰਾਂ ਮੁਤਾਬਕ ਟੀਐੱਮਸੀ ਸਮਰਥਕ ਸਰਬਨ ਚੌਧਰੀ ਪਿੰਡ ਵਿੱਚ ਘਰ ਅੰਦਰ ਕੁਝ ਹੋਰ ਲੋਕਾਂ ਨਾਲ ਦੇਸੀ ਬੰਬ ਬਣਾ ਰਿਹਾ ਸੀ ਕਿ ਅਚਾਨਕ ਧਮਾਕਾ ਹੋ ਗਿਆ। ਘਟਨਾ ’ਚ ਜ਼ਖ਼ਮੀ ਹੋਏ ਸਰਬਨ ਨੂੰ ਰਾਣੀਗੰਜ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬਾਕੀ ਜ਼ਖ਼ਮੀਆਂ ਦੀ ਤੁਰੰਤ ਪਛਾਣ ਨਹੀਂ ਸਕੀ। ਧਮਾਕੇ ਕਾਰਨ ਘਰ ਨੂੰ ਵੀ ਨੁਕਸਾਨ ਪਹੁੰਚਿਆ ਹੈ। -ਪੀਟੀਆਈ