ਨਵੀਂ ਦਿੱਲੀ, 18 ਜਨਵਰੀ
ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਸਪਸ਼ਟ ਕੀਤਾ ਹੈ ਕਿ ਇਸ ਵਾਰ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੁੱਲ 12 ਸੂਬਿਆਂ ਦੀਆਂ ਝਾਕੀਆਂ ਹੀ ਪੇਸ਼ ਕੀਤੀਆਂ ਜਾਣਗੀਆਂ। ਕੇਰਲਾ, ਪੱਛਮੀ ਬੰਗਾਲ ਅਤੇ ਤਾਮਿਲ ਨਾਡੂ ਦੀਆਂ ਝਾਕੀਆਂ ਇਸ ਪਰੇਡ ਦਾ ਹਿੱਸਾ ਨਹੀਂ ਹੋਣਗੀਆਂ ਅਤੇ ਨਾ ਹੀ ਇਸ ਫ਼ੈਸਲੇ ਬਾਰੇ ਮੁੜ ਵਿਚਾਰ ਕੀਤਾ ਜਾਵੇਗਾ। ਪਰੇਡ ਵਿੱਚੋਂ ਤਿੰਨਾਂ ਸੂਬਿਆਂ ਦੀਆਂ ਝਾਕੀਆਂ ਬਾਹਰ ਕੀਤੇ ਜਾਣ ਮਗਰੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਫੌਰੀ ਦਖ਼ਲ ਦੇਣ ਦੀ ਮੰਗ ਕੀਤੀ ਸੀ। ਇਸ ਦੇ ਜਵਾਬ ’ਚ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਦੀਆਂ ਇਹ ਟਿੱਪਣੀਆਂ ਆਈਆਂ ਹਨ। ਅਧਿਕਾਰੀਆਂ ਨੇ ਦੱਸਿਆ ਇਸ ਵਾਰ ਦੀ ਗਣਤੰਤਰ ਪਰੇਡ ਵਿੱਚ ਪੰਜਾਬ, ਅਰੁਣਾਚਲ ਪ੍ਰਦੇਸ਼, ਹਰਿਆਣਾ, ਛੱਤੀਸਗੜ੍ਹ, ਗੋਆ, ਗੁਜਰਾਤ, ਜੰਮੂ ਕਸ਼ਮੀਰ, ਕਰਨਾਟਕ, ਮਹਾਰਾਸ਼ਟਰ, ਮੇਘਾਲਿਆ, ਉਤਰ ਪ੍ਰਦੇਸ਼ ਅਤੇ ਉਤਰਾਖੰਡ ਦੀਆਂ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ। ਉਧਰ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐੱਮ ਕੇ ਸਟਾਲਿਨ ਅਤੇ ਮਮਤਾ ਬੈਨਰਜੀ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰਾਂ ਬਾਰੇ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਝਾਕੀਆਂ ਦੀ ਚੋਣ ਤੈਅ ਦਿਸ਼ਾ -ਨਿਰਦੇਸ਼ਾਂ ਮੁਤਾਬਕ ਕੀਤੀ ਗਈ ਹੈ। ਰਾਜਨਾਥ ਨੇ ਪੱਛਮੀ ਬੰਗਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਦੱਸਿਆ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ 125ਵੀਂ ਜੈਅੰਤੀ ਮੌਕੇ ਸ਼ਰਧਾਂਜਲੀ ਦੇਣ ਲਈ ਕੇਂਦਰੀ ਲੋਕ ਕਲਿਆਣ ਵਿਭਾਗ (ਸੀਪੀਡਬਲਯੂਡੀ) ਦੀ ਝਾਕੀ ਗਣਤੰਤਰ ਪਰੇਡ ਵਿੱਚ ਸ਼ਾਮਲ ਕੀਤੀ ਗਈ ਹੈ। ਸਟਾਲਿਨ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਚੋਣ ਕਮੇਟੀ ਦੇ ਪਹਿਲੇ ਤਿੰਨ ਗੇੜਾਂ ਵਿੱਚ ਤਾਮਿਲ ਨਾਡੂ ਦੀ ਤਜਵੀਜ਼ ਨੂੰ ਵਿਚਾਰਿਆ ਗਿਆ ਸੀ, ਪਰ ਇਸ ਨੂੰ ਗਣਤੰਤਰ ਪਰੇਡ ਵਿੱਚ ਪੇਸ਼ ਹੋਣ ਵਾਲੀਆਂ 12 ਚੋਣਵੀਆਂ ਝਾਕੀਆਂ ਦੀ ਅੰਤਿਮ ਸੂਚੀ ’ਚ ਥਾਂ ਨਹੀਂ ਮਿਲ ਸਕੀ। -ਪੀਟੀਆਈ