ਕੋਲਕਾਤਾ, 18 ਅਪਰੈਲ
ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਆਰਿਜ਼ ਆਫ਼ਤਾਬ ਨੇ ਅੱਜ ਕਿਹਾ ਕਿ ਸ਼ਨਿਚਰਵਾਰ ਨੂੰ ਪੰਜਵੇਂ ਗੇੜ ਦੀਆਂ ਚੋਣਾਂ ਦੌਰਾਨ 45 ਸੀਟਾਂ ’ਤੇ ਹੋਈ ਪੋਲਿੰਗ ’ਚ ਕੁੱਲ 1.13 ਕਰੋੜ ਵੋਟਰਾਂ ’ਚੋਂ 82.49 ਫ਼ੀਸਦ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਜਿਨ੍ਹਾਂ 45 ਸੀਟਾਂ ’ਤੇ ਵੋਟਿੰਗ ਹੋਈ, ਉਨ੍ਹਾਂ ’ਚ ਉੱਤਰੀ 24 ਪਰਗਨਾ ਦੀਆਂ 16, ਪੂਰਬੀ ਮੇਦਨੀਪੁਰ ਅਤੇ ਨਾਦੀਆ ਜ਼ਿਲ੍ਹਆਂ ਦੀਆਂ 8-8, ਜਲਪਾਈਗੁੜੀ ਦੀਆਂ 7, ਦਾਰਜੀਲਿੰਗ ਦੀਆਂ 5 ਅਤੇ ਕਲਿੰਪੋਂਗ ਜ਼ਿਲ੍ਹੇ ਦੀ ਇਕ ਸੀਟ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਪੂਰਬੀ ਬਰਧਮਾਨ ਜ਼ਿਲ੍ਹੇ ’ਚ ਸਭ ਤੋਂ ਵੱਧ 86.04 ਫ਼ੀਸਦ ਵੋਟਿੰਗ ਹੋਈ ਹੈ। ਸੂਬੇ ’ਚ ਪਹਿਲੇ ਗੇੜ ’ਚ 84.13 ਫ਼ੀਸਦ, ਦੂਜੇ ’ਚ 86.11, ਤੀਜੇ ’ਚ 84.61 ਅਤੇ ਚੌਥੇ ਗੇੜ ’ਚ 79.90 ਫ਼ੀਸਦ ਵੋਟਿੰਗ ਹੋਈ ਸੀ। ਆਫ਼ਤਾਬ ਨੇ ਕਿਹਾ ਕਿ ਹਿੰਸਾ ਦੀਆਂ ਕੁਝ ਘਟਨਾਵਾਂ ਨੂੰ ਛੱਡ ਕੇ ਪੰਜਵੇਂ ਗੇੜ ’ਚ ਵੋਟਿੰਗ ਤਕਰੀਬਨ ਸ਼ਾਂਤਮਈ ਰਹੀ। -ਪੀਟੀਆਈ