ਕੋਲਕਾਤਾ, 24 ਅਗਸਤ
ਇੱਥੇ ਸਿੱਖਿਆ ਵਿਭਾਗ ਦੇ ਹੈੱਡਕੁਆਰਟਰ ਸਾਹਮਣੇ ਨੌਕਰੀ ਸਬੰਧੀ ਮੰਗਾਂ ਦੇ ਹੱਕ ’ਚ ਪ੍ਰਦਰਸ਼ਨ ਦੌਰਾਨ ਪ੍ਰਾਇਮਰੀ ਸਕੂਲਾਂ ਦੀਆਂ ਪੰਜ ਮਹਿਲਾ ਠੇਕਾ ਅਧਿਆਪਕਾਵਾਂ ਨੇ ਕਥਿਤ ਤੌਰ ’ਤੇ ਜ਼ਹਿਰ ਪੀ ਲਿਆ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵਿਕਾਸ ਭਵਨ ’ਚ ਜਬਰੀ ਦਾਖਲ ਹੋਣ ਅਤੇ ਨਾਅਰੇਬਾਜ਼ੀ ਕਰਨ ’ਤੇ ਆਫ਼ਤ ਪ੍ਰਬੰਧਨ ਕਾਨੂੰਨ ਤਹਿਤ ਜਿਵੇਂ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਨ੍ਹਾਂ ਵਿੱਚੋਂ ਚਾਰ ਨੇ ‘ਬੋਤਲਾਂ ਵਿਚੋਂ ਕੋਈ ਤਰਲ ਪਦਾਰਥ’ ਪੀ ਲਿਆ। ਜਦਕਿ ਇੱਕ ਨੂੰ ਮਹਿਲਾ ਪੁਲੀਸ ਮੁਲਾਜ਼ਮ ਨੇ ਅਜਿਹਾ ਕਰਨ ਤੋਂ ਰੋਕ ਲਿਆ। ਅਧਿਕਾਰੀ ਮੁਤਾਬਕ ਪੰਜੇ ਮਹਿਲਾ ਅਧਿਆਪਕਾਂ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦਕਿ ਪੰਜਵੀਂ ਮਹਿਲਾ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਜ਼ਿਕਰਯੋਗ ਹੈ ਕਿ ਸੂਬੇ ’ਚ ਕੰਟਰੈਕਟ ਅਧਾਰਿਤ ਸਕੂਲ ਅਧਿਆਪਕ ਸੇਵਾਵਾਂ ਰੈਗੁੂਲਰ ਕਰਵਾਉਣ ਤੇ ਆਪਣੇ ਘਰਾਂ ਨੇੜਲੇ ਸਟੇਸ਼ਨਾਂ ਤੋਂ ਦੂਰ ਬਦਲੀ ਦੇ ਹੁਕਮ ਵਾਪਸ ਲੈਣ ਦੀ ਮੰਗ ਲਈ ਇੱਕ ਪਲੈਟਫਾਰਮ ਉੱਤੇ ‘ਸ਼ਿਕਸ਼ਕ ਓਈਕਯੋ ਮੰਚ’ ਦੇ ਬੈਨਰ ਹੇਠ ਪ੍ਰਦਰਸ਼ਨ ਕਰ ਰਹੇ ਹਨ। -ਪੀਟੀਆਈ