ਕੋਲਕਾਤਾ, 16 ਅਪਰੈਲ
ਪੱਛਮੀ ਬੰਗਾਲ ’ਚ ਭਲਕੇ ਪੰਜਵੇਂ ਗੇੜ ਦੀ ਵੋਟਿੰਗ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਬਾਕੀ ਰਹਿੰਦੇ ਤਿੰਨ ਗੇੜਾਂ ਨੂੰ ਇਕ ਵਾਰ ’ਚ ਹੀ ਕਰਾਉਣ ਲਈ ਸੱਦੀ ਗਈ ਸਰਬ ਪਾਰਟੀ ਮੀਟਿੰਗ ’ਚ ਸਹਿਮਤੀ ਨਹੀਂ ਬਣ ਸਕੀ। ਸੂਬੇ ’ਚ ਕਰੋਨਾ ਮਹਾਮਾਰੀ ਦੇ ਵਧ ਰਹੇ ਕੇਸਾਂ ਨੂੰ ਦੇਖਦਿਆਂ ਤ੍ਰਿਣਮੂਲ ਕਾਂਗਰਸ ਨੇ ਇਕੋ ਦਿਨ ’ਚ ਆਖਰੀ ਤਿੰਨ ਗੇੜ ਦੀਆਂ ਚੋਣਾਂ ਕਰਾਉਣ ਦੀ ਮੰਗ ਕੀਤੀ ਸੀ। ਪੰਜਵੇਂ ਗੇੜ ’ਚ ਭਲਕੇ 45 ਸੀਟਾਂ ’ਤੇ ਪੂਰੇ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਪੈਣਗੀਆਂ। ਉਧਰ ਚੋਣ ਕਮਿਸ਼ਨ ਨੇ ਕਰੋਨਾ ਕਾਰਨ ਬਾਕੀ ਰਹਿੰਦੇ ਤਿੰਨ ਗੇੜਾਂ ’ਚ ਹੁਣ ਰਾਤ 7 ਵਜੇ ਤੋਂ ਲੈ ਕੇ ਅਗਲੇ ਦਿਨ ਸਵੇਰੇ 10 ਵਜੇ ਤੱਕ ਚੋਣ ਪ੍ਰਚਾਰ ’ਤੇ ਪਾਬੰਦੀ ਲਗਾ ਦਿੱਤੀ ਹੈ। ਚੋਣਾਂ ਦੇ ਅਗਲੇ ਤਿੰਨ ਗੇੜਾਂ ਲਈ ਪ੍ਰਚਾਰ ਪਹਿਲਾਂ ਬੰੰਦ ਕਰਨ ਦਾ ਸਮਾਂ 48 ਘੰਟੇ ਤੋਂ ਵਧਾ ਕੇ 72 ਘੰਟੇ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਿਆਸੀ ਪਾਰਟੀਆਂ ਨੂੰ ਕੋਵਿਡ-19 ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਪ੍ਰਚਾਰ ਸਮੇਂ ਮੂੰਹ ’ਤੇ ਹਰ ਸਮੇਂ ਮਾਸਕ ਪਹਿਨਣ ਅਤੇ ਸਰੀਰਕ ਦੂਰੀ ਦਾ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਆਰਐੱਸਪੀ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਜੰਗੀਪੁਰ ਤੋਂ ਉਮੀਦਵਾਰ ਪ੍ਰਦੀਪ ਕੁਮਾਰ ਨੰਦੀ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ। ਵੀਰਵਾਰ ਨੂੰ ਕਾਂਗਰਸ ਦੇ ਸ਼ਮਸ਼ੇਰਗੰਜ ਤੋਂ ਉਮੀਦਵਾਰ ਰੇਜ਼ਾਉੱਲ ਹੱਕ ਦੀ ਕਰੋਨਾ ਕਾਰਨ ਮੌਤ ਹੋ ਗਈ ਸੀ।
ਮੁੱਖ ਚੋਣ ਅਧਿਕਾਰੀ ਆਰਿਜ਼ ਆਫ਼ਤਾਬ ਨਾਲ ਬੈਠਕ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਸਕੱਤਰ ਜਨਰਲ ਪਾਰਥਾ ਚੈਟਰਜੀ ਨੇ ਉਕਤ ਸੁਝਾਅ ਦਿੱਤਾ ਸੀ ਪਰ ਭਾਜਪਾ ਅਤੇ ਸੀਪੀਐੱਮ ਨੇ ਇਸ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਭਾਜਪਾ ਨੇ ਕਿਹਾ ਕਿ ਇਹ ਵੋਟਰਾਂ ਅਤੇ ਉਮੀਦਵਾਰਾਂ ਨਾਲ ਬੇਇਨਸਾਫ਼ੀ ਹੋਵੇਗੀ। ਉਂਜ ਚੋਣ ਕਮਿਸ਼ਨ ਨੇ ਵੀ ਵੀਰਵਾਰ ਨੂੰ ਆਖਰੀ ਤਿੰਨ ਗੇੜਾਂ ਦੀ ਪੋਲਿੰਗ ਇਕੋ ਦਿਨ ਕਰਾਉਣ ਤੋਂ ਇਨਕਾਰ ਕਰ ਦਿੱਤਾ ਸੀ। ਤ੍ਰਿਣਮੂਲ ਆਗੂ ਪਾਰਥਾ ਚੈਟਰਜੀ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਕੋਵਿਡ-19 ਲਾਗ ਨੂੰ ਫੈਲਣ ਅਤੇ ਲੋਕਾਂ ਨੂੰ ਬਚਾਉਣ ਲਈ ਚੋਣ ਕਮਿਸ਼ਨ ਉਮੀਦਵਾਰਾਂ ਨੂੰ ਪ੍ਰਚਾਰ ਦਾ ਢੁੱਕਵਾਂ ਸਮਾਂ ਦੇ ਸਕਦਾ ਹੈ। ਬੈਠਕ ’ਚ ਹਾਜ਼ਰ ਭਾਜਪਾ ਆਗੂ ਸਵਪਨ ਦਾਸਗੁਪਤਾ ਨੇ ਕਿਹਾ ਕਿ ਪਾਰਟੀ ਅਜਿਹੇ ਕਿਸੇ ਕਦਮ ਨੂੰ ਸਵੀਕਾਰ ਨਹੀਂ ਕਰੇਗੀ ਜਿਸ ਨਾਲ ਲੋਕਤੰਤਰ ਦੀ ਭਾਵਨਾ ’ਤੇ ਪੁੱਠਾ ਅਸਰ ਪਵੇ। ਸੀਪੀਐੱਮ ਦੇ ਰਾਜ ਸਭਾ ਮੈਂਬਰ ਬਿਕਾਸ਼ ਭੱਟਾਚਾਰੀਆ ਨੇ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਚੋਣਾਂ ਦੇ ਅੱਠ ਗੇੜ ਮੁਕੰਮਲ ਹੋਣ ਦੇ ਪੱਖ ’ਚ ਹੈ। -ਪੀਟੀਆਈ
ਕੂਚ ਬਿਹਾਰ ਫਾਇਰਿੰਗ ਮਾਮਲੇ ਬਾਰੇ ਸੀਆਈਡੀ ਨੇ ਸਿਟ ਬਣਾਈ
ਕੋਲਕਾਤਾ: ਪੱਛਮੀ ਬੰਗਾਲ ਦੀ ਸੀਆਈਡੀ ਨੇ ਕੂਚ ਬਿਹਾਰ ਦੇ ਸੀਤਲਕੂਚੀ ’ਚ ਚੋਣਾਂ ਦੌਰਾਨ 10 ਅਪਰੈਲ ਨੂੰ ਸੀਆਈਐੱਸਐੱਫ ਦੇ ਜਵਾਨਾਂ ਵੱਲੋਂ ਕੀਤੀ ਗਈ ਗੋਲੀਬਾਰੀ ਦਾ ਕੇਸ ਅੱਜ ਆਪਣੇ ਹੱਥਾਂ ’ਚ ਲੈ ਲਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਘਟਨਾ ਦੀ ਜਾਂਚ ਲਈ ਸੀਆਈਡੀ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ ਗਈ ਹੈ। ਜਾਂਚਕਾਰ ਸੀਤਲਕੂਚੀ ਹਲਕੇ ਦੇ ਜੋਰਪਾਟਕੀ ’ਚ ਬੂਥ ਨੰਬਰ 126/5 ਦਾ ਦੌਰਾ ਕਰਨਗੇ ਜਿਥੇ ਸੀਆਈਐੱਸਐੱਫ ਦੇ ਜਵਾਨਾਂ ਨੇ ਗੋਲੀਬਾਰੀ ਕੀਤੀ ਸੀ ਜਿਸ ’ਚ ਚਾਰ ਵਿਅਕਤੀ ਮਾਰੇ ਗਏ ਸਨ। ਵਿਸ਼ੇਸ਼ ਜਾਂਚ ਟੀਮ ਵੱਲੋਂ ਗਵਾਹਾਂ ਨਾਲ ਗੱਲਬਾਤ ਤੋਂ ਇਲਾਵਾ ਉਨ੍ਹਾਂ ਦੇ ਬਿਆਨ ਵੀ ਦਰਜ ਕੀਤੇ ਜਾਣਗੇ। ਸਿਟ ਵੱਲੋਂ ਸੀਸੀਟੀਵੀ ਫੁਟੇਜ ਦੀ ਪੜਤਾਲ ਵੀ ਕੀਤੀ ਜਾਵੇਗੀ। ਅਧਿਕਾਰੀ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਕਲਿੱਪ ਚੱਲ ਰਹੀ ਹੈ ਅਤੇ ਉਸ ਦੀ ਸਚਾਈ ਦਾ ਪਤਾ ਲਾਉਣ ਲਈ ਫੋਰੈਂਸਿਕ ਟੈਸਟ ਕੀਤਾ ਜਾ ਸਕਦਾ ਹੈ। ਸਿਟ ਸਥਾਨਕ ਪੁਲੀਸ ਸਟੇਸ਼ਨ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰੇਗੀ ਜੋ ਘਟਨਾ ਮਗਰੋਂ ਸਭ ਤੋਂ ਪਹਿਲਾਂ ਮੌਕੇ ’ਤੇ ਪਹੁੰਚੇ ਸਨ। ਉਧਰ ਕਲਕੱਤਾ ਹਾਈ ਕੋਰਟ ਨੇ ਸੀਤਲਕੂਚੀ ’ਚ ਸੀਆਈਐੱਸਐੱਫ ਦੇ ਜਵਾਨਾਂ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਸੀਆਈਡੀ ਨੂੰ ਆਪਣੀ ਪ੍ਰਗਤੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੋ ਜਨਹਿੱਤ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਚੀਫ਼ ਜਸਟਿਸ ਟੀ ਬੀ ਐੱਨ ਰਾਧਾਕ੍ਰਿਸ਼ਨਨ ਦੀ ਅਗਵਾਈ ਹੇਠਲੇ ਬੈਂਚ ਨੇ ਸੀਆਈਡੀ ਨੂੰ ਰਿਪੋਰਟ 5 ਮਈ ਤੱਕ ਪੇਸ਼ ਕਰਨ ਲਈ ਕਿਹਾ ਹੈ। ਪਟੀਸ਼ਨਰਾਂ ਨੇ ਬੇਨਤੀ ਕੀਤੀ ਹੈ ਕਿ ਗੋਲੀਬਾਰੀ ’ਚ ਮਾਰੇ ਗਏ ਚਾਰ ਵਿਅਕਤੀਆਂ ਦੇ ਵਾਰਸਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। -ਪੀਟੀਆਈ