ਬਿਸ਼ਨੂਪੁਰ (ਪੱਛਮੀ ਬੰਗਾਲ): ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਪੱਛਮੀ ਬੰਗਾਲ ਵਿਧਾਨ ਚੋਣਾਂ ਤੋਂ ਪਹਿਲਾਂ ਅੱਜ ਬਾਂਕੁਰਾ ਜ਼ਿਲ੍ਹੇ ਦੇ ਬਿਸ਼ਨੂਪੁਰਾ ਖੇਤਰ ਵਿੱਚ ਰੋਡਸ਼ੋਅ ਕੀਤਾ, ਜਿੱਥੇ 27 ਮਾਰਚ ਅਤੇ ਪਹਿਲੀ ਅਪਰੈਲ ਨੂੰ ਕ੍ਰਮਵਾਰ ਪਹਿਲੇ ਅਤੇ ਦੂਜੇ ਗੇੜ ਦੀਆਂ ਵੋਟਾਂ ਪੈਣਗੀਆਂ। ਸ੍ਰੀ ਨੱਢਾ ਨੇ ਆਪਣਾ ਰੋਡਸ਼ੋਅ ਦੁਪਹਿਰ 2.10 ਦੇ ਲਗਪਗ ਕੁਮਾਰੀ ਟਾਕੀਜ਼ ਸਿਨੇਮਾ ਹਾਲ ਤੋਂ ਸ਼ੁਰੂ ਕੀਤਾ। ਇਹ ਦੋ ਕਿਲੋਮੀਟਰ ਦੀ ਦੂਰੀ ’ਤੇ ਬਿਸ਼ਨੂਪੁਰ ਬੱਸ ਸਟੈਂਡ ’ਤੇ ਖ਼ਤਮ ਹੋਇਆ। ਭਾਜਪਾ ਪ੍ਰਧਾਨ ਨੱਢਾ ਗੱਡੀ ਦੀ ਛੱਤ ’ਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਨਾਲ ਖੜ੍ਹੇ ਦਰਸ਼ਕਾਂ ਵੱਲ ਹੱਥ ਹਿਲਾਉਂਦੇ ਨਜ਼ਰ ਆਏ। ਭਾਜਪਾ ਸਮਰਥਕ ਪਾਰਟੀ ਦਾ ਝੰਡਾ ਲਹਿਰਾਉਂਦਿਆਂ ‘ਜੈ ਸ੍ਰੀਰਾਮ’ ‘ਨਰਿੰਦਰ ਮੋਦੀ ਜ਼ਿੰਦਾਬਾਦ’ ਅਤੇ ‘ਜੇਪੀ ਨੱਢਾ ਜ਼ਿੰਦਾਬਾਦ’ ਦੇ ਨਾਅਰੇ ਲਾ ਰਹੇ ਸਨ ਅਤੇ ਰੋਡਸ਼ੋਅ ਵੇਖਣ ਲਈ ਸੜਕ ਦੇ ਦੋਵੇਂ ਪਾਸੇ ਸੈਂਕੜੇ ਲੋਕ ਖੜ੍ਹੇ ਸਨ। ਸ੍ਰੀ ਨੱਢਾ ਨੇ ਮਗਰੋਂ ਜ਼ਿਲ੍ਹੇ ਵਿੱਚ ਇੱਕ ਜਥੇਬੰਦਕ ਮੀਟਿੰਗ ਅਤੇ ਇੱਕ ਰੈਲੀ ਨੂੰ ਸੰਬੋਧਨ ਕੀਤਾ। -ਪੀਟੀਆਈ