ਨਵੀਂ ਦਿੱਲੀ: ਪੱਛਮੀ ਬੰਗਾਲ ਵਿੱਚ ਸਾਲ 2021 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸੀਪੀਆਈ (ਐੱਮ) ਦੀ ਕੇਂਦਰੀ ਕਮੇਟੀ ਨੇ ਕਾਂਗਰਸ ਨਾਲ ਗੱਠਜੋੜ ਲਈ ਮਨਜ਼ੂਰੀ ਦੇ ਦਿੱਤੀ ਹੈ। ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਤਾਮਿਲਨਾਡੂ, ਕੇਰਲ ਅਤੇ ਅਸਾਮ ਵਿੱਚ ਧਰਮ-ਨਿਰਪੱਖ ਪਾਰਟੀਆਂ ਨਾਲ ਗੱਠਜੋੜ ਕੀਤੇ ਜਾਣਗੇ। ਇਹ ਫ਼ੈਸਲਾ ਪਾਰਟੀ ਵੱਲੋਂ 30 ਅਤੇ 31 ਅਕਤੂਬਰ ਨੂੰ ਪਾਰਟੀ ਵੱਲੋਂ ਵਰਚੁਅਲ ਮੀਟਿੰਗ ਕਰਨ ਮਗਰੋਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਮਈ 2021 ਵਿੱਚ ਹੋਣ ਦੀਆਂ ਸੰਭਾਵਨਾਵਾਂ ਹਨ ਤੇ ਸੀਪੀਆਈ (ਐੱਮ) ’ਚ ਕਾਂਗਰਸ ਨਾਲ ਗੱਠਜੋੜ ਨੂੰ ਇਸ ਸੂਬੇ ’ਚ ਗੁਆਚਿਆ ਆਧਾਰ ਮੁੜ ਪ੍ਰਾਪਤ ਕਰਨ ਦੀ ਪਹਿਲਕਦਮੀ ਵਜੋਂ ਵੇਖਿਆ ਜਾ ਰਿਹਾ ਹੈ। -ਪੀਟੀਆਈ