ਸੁਰੀ, 7 ਸਤੰਬਰ
ਸੀਬੀਆਈ ਅਧਿਕਾਰੀਆਂ ਦੀ ਇੱਕ ਟੀਮ ਨੇ ਵਿਧਾਨ ਸਭਾ ਚੋਣਾਂ ਮਗਰੋਂ ਹਿੰਸਾ ਦੇ ਮਾਮਲੇ ਦੀ ਜਾਂਚ ਤਹਿਤ ਅੱਜ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿੱਚ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਆਗੂ ਲੱਲਣ ਘੋਸ਼ ਦੀ ਰਿਹਾਇਸ਼ ’ਤੇ ਛਾਪਾ ਮਾਰਿਆ। ਇਹ ਜਾਣਕਾਰੀ ਏਜੰਸੀ ਦੇ ਸੂਤਰਾਂ ਨੇ ਦਿੱਤੀ। ਸੂਤਰਾਂ ਨੇ ਦੱਸਿਆ ਕਿ ਜਾਂਚ ਟੀਮ ਨੇ ਜ਼ਿਲ੍ਹੇ ਦੇ ਇਲਮਬਾਜ਼ਾਰ ਥਾਣਾ ਖੇਤਰ ਦੇ ਗੋਪਾਲਪੁਰ ਪਿੰਡ ਦਾ ਦੌਰਾ ਕੀਤਾ, ਜਿੱਥੇ ਦੋ ਮਈ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਕੁੱਝ ਦੇਰ ਮਗਰੋਂ ਹੀ ਭਾਜਪਾ ਕਾਰਕੁਨ ਗੌਰਵ ਸਰਕਾਰ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਜਾਂਚ ਟੀਮ ਨੇ ਉਥੇ ਘੋਸ਼ ਦੀ ਰਿਹਾਇਸ਼ ’ਤੇ ਛਾਪਾ ਮਾਰਿਆ। ਉਨ੍ਹਾਂ ਦੱਸਿਆ ਕਿ ਟੀਐੱਮਸੀ ਆਗੂ ਦੇ ਘਰ ਤੋਂ ਇੱਕ ਮੋਬਾਈਲ ਫੋਨ ਸਣੇ ਕਈ ਦਸਤਾਵੇਜ਼ ਜ਼ਬਤ ਕੀਤੇ ਗਏ। ਸੀਬੀਆਈ ਨੇ ਹੁਣ ਤੱਕ 34 ਕੇਸ ਦਰਜ ਕੀਤੇ ਹਨ ਅਤੇ ਚੋਣਾਂ ਮਗਰੋਂ ਹਿੰਸਾ ਦੇ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਕਲਕੱਤਾ ਹਾਈ ਕੋਰਟ ਨੇ 19 ਅਗਸਤ ਨੂੰ ਆਦੇਸ਼ ਦਿੱਤਾ ਸੀ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਦੇ ਮੱਦੇਨਜ਼ਰ ਚੋਣਾਂ ਮਗਰੋਂ ਕਥਿਤ ਬਲਾਤਕਾਰ ਅਤੇ ਹੱਤਿਆ ਦੇ ਮਾਮਲਿਆਂ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। -ਪੀਟੀਆਈ