ਨਵੀਂ ਦਿੱਲੀ, 26 ਅਪਰੈਲ
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਸੱਤਵੇਂ ਗੇੜ ’ਚ ਅੱਜ 75.06 ਫ਼ੀਸਦ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਚੋਣ ਕਮਿਸ਼ਨ ਮੁਤਾਬਕ ਇਹ ਅੰਕੜੇ ਸ਼ਾਮ 5 ਵਜੇ ਤੱਕ ਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ 34 ਹਲਕਿਆਂ ’ਚ 11,376 ਪੋਲਿੰਗ ਸਟੇਸ਼ਨਾਂ ’ਤੇ ਅਮਨ-ਅਮਾਨ ਨਾਲ ਵੋਟਾਂ ਪਈਆਂ। ਇਕ ਬਿਆਨ ’ਚ ਚੋਣ ਕਮਿਸ਼ਨ ਨੇ ਕਿਹਾ ਕਿ 11,376 ਪੋਲਿੰਗ ਸਟੇਸ਼ਨਾਂ ’ਚੋਂ 5,982 (52.58 ਫ਼ੀਸਦ) ’ਤੇ ਵੈੱਬਕਾਸਟਿੰਗ ਰਾਹੀਂ ਸਿੱਧੀ ਨਿਗਰਾਨੀ ਕੀਤੀ ਗਈ। ਪੱਛਮੀ ਬੰਗਾਲ ’ਚ ਸੱਤ ਗੇੜਾਂ ਦੌਰਾਨ 332.94 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ।
ਬਾਲੀਗੰਜ ਹਲਕੇ ’ਚ 15 ਬੰਬ ਬਰਾਮਦ ਕੀਤੇ ਗਏ। ਹੁਗਲੀ ਜੂਟ ਮਿੱਲ ਕਲੋਨੀ ਨੇੜੇ ਦੋ ਬੈਗਾਂ ’ਚ 19 ਦੇਸੀ ਬੰਬ ਮਿਲੇ। ਮਾਲਦਾ ਜ਼ਿਲ੍ਹੇ ’ਚ ਦੋ ਵਿਅਕਤੀਆਂ ਤੋਂ ਸੱਤ ਦੇਸੀ ਪਿਸਤੌਲਾਂ ਬਰਾਮਦ ਹੋਈਆਂ ਹਨ। ਇਸ ਦੌਰਾਨ ਰਸਬਿਹਾਰੀ ਹਲਕੇ ਤੋਂ ਭਾਜਪਾ ਉਮੀਦਵਾਰ ਲੈਫ਼ਟੀਨੈਂਟ ਜਨਰਲ ਸੁਬ੍ਰਤਾ ਸਾਹਾ ਦੇ ਏਜੰਟ ਮੋਹਨ ਰਾਓ ਨੂੰ ਨਿਊ ਅਲੀਪੋਰ ਇਲਾਕੇ ਦੇ ਪੋਲਿੰਗ ਬੂਥ ’ਤੇ ਮਹਿਲਾ ਵੋਟਰਾਂ ਨਾਲ ਛੇੜਖਾਨੀ ਦੇ ਦੋਸ਼ ਹੇਠ ਹਿਰਾਸਤ ’ਚ ਲਿਆ ਗਿਆ ਹੈ। ਉਂਜ ਰਾਓ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸ ਨੇ ਦੋਸ਼ ਲਾਇਆ ਕਿ ਟੀਐੱਮਸੀ ਵਰਕਰ ਇਲਾਕੇ ’ਚ ਗੜਬੜ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਉਧਰ ਭਾਜਪਾ ਉਮੀਦਵਾਰ ਅਤੇ ਅਦਾਕਾਰਾ ਪਾਰਨੋ ਮਿੱਤਰਾ ਨੂੰ ਕਰੋਨਾ ਹੋ ਗਿਆ ਹੈ। ਉਹ ਨੌਰਥ 24 ਪਰਗਨਾ ’ਚ ਬੜਾਨਗਰ ਤੋਂ ਉਮੀਦਵਾਰ ਹੈ ਜਿਥੇ 17 ਅਪਰੈਲ ਨੂੰ ਵੋਟਾਂ ਪਈਆਂ ਸਨ। -ਪੀਟੀਆਈ
ਮਮਤਾ ਨੇ ਭਵਾਨੀਪੁਰ ’ਚ ਪਾਈ ਵੋਟ
ਕੋਲਕਾਤਾ: ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕੋਲਕਾਤਾ ਦੇ ਭਵਾਨੀਪੁਰ ਦੇ ਇਕ ਬੂਥ ’ਤੇ ਆਪਣੀ ਵੋਟ ਪਾਈ। ਹਰੀਸ਼ ਚੈਟਰਜੀ ਸਟਰੀਟ ਦੀ ਵਸਨੀਕ ਮਮਤਾ ਨੇ ਮਿੱਤਰਾ ਇੰਸਟੀਚਿਊਸ਼ਨ ਸਕੂਲ ’ਚ ਬਣੇ ਬੂਥ ’ਤੇ ਕਰੀਬ 3.50 ਵਜੇ ਆਪਣੇ ਹੱਕ ਦੀ ਵਰਤੋਂ ਕੀਤੀ। ਵ੍ਹੀਲਚੇਅਰ ’ਤੇ ਪਹੁੰਚੀ ਮਮਤਾ ਨੇ ਕਾਰ ’ਚ ਬੈਠਣ ਤੋਂ ਪਹਿਲਾਂ ਕੈਮਰਿਆਂ ਮੂਹਰੇ ਜਿੱਤ ਦਾ ਨਿਸ਼ਾਨ ਬਣਾਇਆ। ਟੀਐੱਮਸੀ ਸੁਪਰੀਮੋ ਭਵਾਨੀਪੁਰ ਤੋਂ ਦੋ ਵਾਰ ਵਿਧਾਇਕ ਚੁਣੀ ਜਾ ਚੁੱਕੀ ਹੈ ਪਰ ਇਸ ਵਾਰ ਉਹ ਨੰਦੀਗ੍ਰਾਮ ਤੋਂ ਭਾਜਪਾ ਦੇ ਸ਼ੁਵੇਂਦੂ ਅਧਿਕਾਰੀ ਖ਼ਿਲਾਫ਼ ਚੋਣ ਲੜ ਰਹੀ ਹੈ। ਇਸ ਤੋਂ ਪਹਿਲਾਂ ਦਿਨ ਵੇਲੇ ਮੁੱਖ ਮੰਤਰੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਵੀ ਇਸੇ ਬੂਥ ’ਤੇ ਵੋਟ ਪਾਈ। -ਪੀਟੀਆਈ
ਚੋਣਾਂ ਦੇ ਅੰਤਿਮ ਗੇੜ ਲਈ ਪ੍ਰਚਾਰ ਬੰਦ ਹੋਇਆ
ਕੋਲਕਾਤਾ: ਪੱਛਮੀ ਬੰਗਾਲ ’ਚ 35 ਵਿਧਾਨ ਸਭਾ ਹਲਕਿਆਂ ਲਈ ਚੋਣਾਂ ਦੇ ਅੱਠਵੇਂ ਅਤੇ ਅੰਤਿਮ ਗੇੜ ਲਈ ਪ੍ਰਚਾਰ ਅੱਜ ਸ਼ਾਮ ਸਾਢੇ 6 ਵਜੇ ਬੰਦ ਹੋ ਗਿਆ। ਇਨ੍ਹਾਂ ਹਲਕਿਆਂ ’ਚ ਵੋਟਾਂ 29 ਅਪਰੈਲ ਨੂੰ ਪੈਣਗੀਆਂ। ਮਾਲਦਾ ਦੇ 6, ਮੁਰਸ਼ਿਦਾਬਾਦ ਦੇ 11, ਕੋਲਕਾਤਾ ਨੌਰਥ ਦੇ 7 ਅਤੇ ਬੀਰਭੂਮ ਦੇ 11 ਹਲਕਿਆਂ ’ਚ 283 ਉਮੀਦਵਾਰ ਚੋਣ ਮੈਦਾਨ ’ਚ ਹਨ। -ਪੀਟੀਆਈ