ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਅਗਸਤ
ਦਿੱਲੀ ਸਰਕਾਰ ਤੇ ਦਿੱਲੀ ਕੁਦਰਤੀ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਰਾਜਧਾਨੀ ਦੇ ਛੋਟੇ ਵਪਾਰੀਆਂ ਨੂੰ ਰਾਹਤ ਦਿੰਦੇ ਹੋਏ ਸੋਮਵਾਰ ਤੋਂ ਹਫ਼ਤਾਵਾਰੀ ਬਾਜ਼ਾਰ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਇਸ ਨਾਲ ਛੋਟੇ ਵਪਾਰੀਆਂ ਦੇ ਚਿਹਰਿਆਂ ਉਪਰ ਮੁੜ ਰੌਣਕ ਪਰਤ ਆਈ ਹੈ। ਹਫ਼ਤਾਵਾਰੀ ਬਾਜ਼ਾਰ ਐਸੋਸੀਏਸ਼ਨ ਦੇ ਜਨਰਲ ਸੱਕਤਰ ਰਾਜ ਕੁਮਾਰ ਕਟਾਰੀਆ ਨੇ ਕਿਹਾ ਕਿ ਹਫ਼ਤਾਵਾਰੀ ਬਾਜ਼ਾਰ ਖੁੱਲ੍ਹਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਕਰੀਬ ਇੱਕ ਸਾਲ ਤੋਂ ਇਹ ਬਾਜ਼ਾਰ ਬੰਦ ਸਨ। ਗ਼ਰੀਬ ਲੋਕ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਦਾ ਕੰਮ-ਧੰਦਾ ਠੱਪ ਪਿਆ ਸੀ। ਕਈ ਲੋਕ ਪਿੰਡਾਂ ਨੂੰ ਪਰਤ ਗਏ ਤੇ ਕਈਆਂ ਨੇ ਕਰੋਨਾ ਕਾਲ ਦੌਰਾਨ ਜਾਨਾਂ ਗੁਆ ਦਿੱਤੀਆਂ ਹਨ।
ਦਿੱਲੀ ਦੇ ਹਫ਼ਤਾਵਾਰੀ ਬਾਜ਼ਾਰ ਲੌਕਡਾਊਨ ਦੌਰਾਨ ਬਹੁਤਾ ਕਰ ਕੇ ਬੰਦ ਹੀ ਰਹੇ ਹਨ ਪਰ ਸੂਬਾ ਸਰਕਾਰ ਨੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਤੇ ਕੋਵਿਡ-19 ਨੇਮਾਂ ਦੀ ਅਣਦੇਖੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਲੋਕਾਂ ਨੂੰ ਅਪੀਲ ਕਰ ਚੁੱਕੇ ਹਨ ਕਿ ਜਿਸ ਬਾਜ਼ਾਰ ਵਿੱਚ ਨੇਮਾਂ ਦੀ ਅਣਦੇਖੀ ਕੀਤੀ ਜਾਵੇਗੀ ਉਸ ਨੂੰ ਜ਼ਿਲ੍ਹਾ ਅਧਿਕਾਰੀ ਤੇ ਨਗਰ ਨਿਗਮ ਦੇ ਕਮਿਸ਼ਨ ਬੰਦ ਕਰਵਾ ਸਕਦੇ ਹਨ। ਦਿੱਲੀ ਵਿੱਚ ਕਰੀਬ 2700 ਛੋਟੇ ਹਫ਼ਤਾਵਾਰੀ ਬਾਜ਼ਾਰ ਹਨ ਜਿੱਥੋਂ ਛੋਟੇ ਦੁਕਾਨਦਾਰ ਕਮਾਈ ਕਰਦੇ ਹਨ ਤੇ ਗ਼ਰੀਬ ਤਬਕੇ ਤੋਂ ਇਨ੍ਹਾਂ ਬਾਜ਼ਾਰਾਂ ਵਿੱਚੋਂ ਸਸਤਾ ਸਾਮਾਨ ਮਿਲ ਜਾਂਦਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁਤਾਬਕ ਹਫ਼ਤਾਵਾਰੀ ਬਾਜ਼ਾਰਾਂ ਵਿੱਚ ਬਹੁਤ ਗ਼ਰੀਬ ਲੋਕ ਹਨ, ਸਰਕਾਰ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਲੈ ਕੇ ਚਿੰਤਤ ਹੈ।
10 ਤੋਂ 12ਵੀਂ ਦੇ ਵਿਦਿਆਰਥੀ ਜਾ ਸਕਣਗੇ ਸਕੂਲ
10ਵੀਂ, 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਦਾਖ਼ਲਿਆਂ ਨਾਲ ਜੁੜੇ ਮਾਮਲੇ ਹੱਲ ਕਰਨ, ਕੌਂਸਲਿੰਗ ਤੇ ਬੋਰਡ ਦੇ ਇਮਤਿਹਾਨਾਂ ਨਾਲ ਜੁੜੇ ਪ੍ਰੈਕਟੀਕਲ ਕਾਰਜਾਂ ਵਿੱਚ ਸ਼ਾਮਲ ਹੋਣ ਲਈ ਆਪਣੇ ਸਕੂਲਾਂ ਵਿੱਚ ਜਾਣ ਦੀ ਮਨਜ਼ੂਰੀ ਵੀ ਦਿੱਤੀ ਗਈ ਹੈ।