ਨਵੀਂ ਦਿੱਲੀ, 14 ਅਕਤੂਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਰਮਡ ਫੋਰਸਿਜ਼ ਬੈਟਲ ਕੈਜ਼ੁਐਲਿਟੀਜ਼ ਵੈਲਵੇਅਰ ਫੰਡ (ਏਐੱਫਬੀਸੀਡਬਲਿਊਐੱਫ) ਵਿੱਚ ਨਾਗਰਿਕਾਂ ਦੇ ਯੋਗਦਾਨ ਲਈ ਵੈੱਬਸਾਈਟ ਲਾਂਚ ਕੀਤੀ ਹੈ। ਥਲ ਸੈਨਾ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਏਐੱਫਬੀਸੀਡਬਲਿਊਐੱਫ ਤਿੰਨਾਂ ਸੈਨਾਵਾਂ ਨਾਲ ਜੁੜਿਆ ਫੰਡ ਹੈ, ਜਿਸ ਨੂੰ ਸਰਗਰਮ ਫੌਜੀ ਅਪਰੇਸ਼ਨਾਂ ਦੌਰਾਨ ਦੇਸ਼ ਲਈ ਜਾਨਾਂ ਵਾਰਨ ਵਾਲੇ ਜਾਂ ਗੰਭੀਰ ਜ਼ਖ਼ਮੀ ਸਾਡੇ ਫੌਜੀਆਂ, ਜਲਸੈਨਿਕਾਂ ਤੇ ਹਵਾਈ ਸੈਨਿਕਾਂ ਦੇ ਪਰਿਵਾਰਾਂ ਨੂੰ ਐਕਸਗ੍ਰੇਸ਼ੀਆ ਵਜੋਂ ਫੌਰੀ ਵਿੱਤੀ ਸਹਾਇਤਾ ਦੇਣ ਲਈ ਵਰਤਿਆ ਜਾਂਦਾ ਹੈ। ਇਥੇ ਕੌਮੀ ਜੰਗੀ ਯਾਦਗਾਰ ਕੰਪਲੈਕਸ ਵਿੱਚ ਸਮਾਗਮ ਦੌਰਾਨ ‘ਮਾਂ ਭਾਰਤੀ ਕੇ ਸਪੂਤ’ (ਐੱਮਬੀਕੇਐੱਸ) ਪੋਰਟਲ ਲਾਂਚ ਕੀਤਾ ਗਿਆ। ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਚੁਣੌਤੀਆਂ ਦੇ ਦੌਰ ਵਿੱਚ ਹਥਿਆਰਬੰਦ ਬਲਾਂ ਦੀਆਂ ਤਿੰਨਾਂ ਸੈਨਾਵਾਂ ਨੇ ਪੂਰੀ ਮਿਹਨਤ ਤੇ ਮੁਸ਼ੱਕਤ ਨਾਲ ਆਪਣੇ ਫਰਜ਼ ਨਿਭਾਏ ਹਨ। ਜਨਰਲ ਪਾਂਡੇ ਨੇ ਕਿਹਾ ਕਿ ਇਹ ਵੈੱਬਸਾਈਟ ‘ਪਾਰਦਰਸ਼ੀ ਤੇ ਸੌਖੇ ਤਰੀਕੇ ਨਾਲ’ ਵਿੱਤੀ ਇਮਦਾਦ ਮੁਹੱਈਆ ਕਰਵਾਉਣ ਵਿੱਚ ਮਦਦਗਾਰ ਹੋਵੇਗੀ। ਉਧਰ ਅਦਾਕਾਰ ਅਮਿਤਾਭ ਬੱਚਨ ਨੇ ਇਕ ਵੀਡੀਓ ਸੁਨੇਹੇ ਵਿੱਚ ਲੋਕਾਂ ਨੂੰ ਇਸ ਫੰਡ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। -ਪੀਟੀਆਈ