ਜੰਮੂ, 22 ਜੁਲਾਈ
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਅੱਜ ਅਤਿਵਾਦੀ ਟਿਕਾਣੇ ਦਾ ਪਰਦਾਫ਼ਾਸ਼ ਕਰਦਿਆਂ ਉਥੋਂ ਇੱਕ ਪੀਕਾ ਰਾਈਫਲ ਸਣੇ ਕੁੱਝ ਹੋਰ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕੀਤਾ ਹੈ। ਰਾਜੌਰੀ ਦੇ ਐੱਸਐੱਸਪੀ ਚੰਦਨ ਕੋਹਲੀ ਨੇ ਦੱਸਿਆ ਕਿ ਪੁਲੀਸ ਅਤੇ ਫੌਜ ਦੀ ਥਾਣਾਮੰਡੀ ਸਥਿਤ 38ਵੀਂ ਰਾਸ਼ਟਰੀ ਰਾਈਫਲਜ਼ ਨੇ ਮਾਨਿਅਲ ਖੇਤਰ ਵਿੱਚ ਵੱਡੀ ਅਤਿਵਾਦ ਵਿਰੋਧੀ ਮੁਹਿੰਮ ਚਲਾਈ। ਇਸ ਦੌਰਾਨ ਹਥਿਆਰਾਂ ਦਾ ਜ਼ਖ਼ੀਰਾ ਹੱਥ ਲੱਗਿਆ। ਉਨ੍ਹਾਂ ਦੱਸਿਆ ਕਿ ਰਾਜੌਰੀ ਪੁਲੀਸ, ਸਪੈਸ਼ਲ ਆਪਰੇਸ਼ਨ ਗਰੁੱਪ ਅਤੇ 38 ਰਾਸ਼ਟਰੀ ਰਾਈਫ਼ਲਜ਼ ਦੀਆਂ ਟੀਮਾਂ ਨੇ ਅਤਿਵਾਦੀਆਂ ਦੇ ਟਿਕਾਣੇ ਦੀ ਖ਼ੁਫ਼ੀਆ ਜਾਣਕਾਰੀ ਮਿਲਣ ਮਗਰੋਂਂ ਮੰਗਲਵਾਰ ਨੂੰ ਇਲਾਕੇ ਵਿੱਚ ਘੇਰਾਬੰਦੀ ਕਰਕੇ ਵਿਸ਼ੇਸ਼ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਐੱਸਐੱਸਪੀ ਨੇ ਦੱਸਿਆ, ‘‘ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਸੀ ਅਤੇ ਅੱਜ ਸਵੇਰੇ ਅਤਿਵਾਦੀਆਂ ਦੇ ਟਿਕਾਣੇ ਦਾ ਪਤਾ ਚੱਲਿਆ।’’ ਉਨ੍ਹਾਂ ਦੱਸਿਆ ਕਿ ਇੱਕ ਪੀਕਾ ਰਾਈਫਲ, ਇੱਕ ਚੀਨੀ ਪਿਸਤੌਲ, ਇੱਕ ਦੇਸੀ ਪਿਸਤੌਲ, ਇੱਕ ਏਕੇ ਮੈਗਜ਼ੀਨ, ਪਿਸਤੌਲ ਦੇ ਦੋ ਮੈਗਜ਼ੀਨ, ਪੀਕਾ ਦੀਆਂ 168 ਗੋਲੀਆਂ, ਏਕੇ ਪਿਸਤੌਲ ਦੀਆਂ 47 ਗੋਲੀਆਂ, ਹੋਰ ਪਿਸਤੌਲ ਦੀਆਂ ਚਾਰ ਗੋਲੀਆਂ, ਦੋ ਯੂਬੀਜੀਐੱਲ ਗਰੇਨੇਡ ਅਤੇ ਗੋਲੀਆਂ ਵਾਲੇ ਅੱਠ ਪਟੇ ਬਰਾਮਦ ਹੋਏ ਹਨ। ਇਸ ਖੇਤਰ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ।