ਸ੍ਰੀਨਗਰ: ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਦਰਦੱਸਨ ਵਿੱਚ ਬੀਐੱਸਐੱਫ ਅਤੇ ਜੰਮੂ-ਕਸ਼ਮੀਰ ਪੁਲੀਸ ਵੱਲੋਂ ਕੀਤੇ ਗਏ ਸਾਂਝੇ ਅਪਰੇਸ਼ਨ ’ਚ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਖੇਪ ਬਰਾਮਦ ਕੀਤੀ ਗਈ ਹੈ। ਇਸ ਦੌਰਾਨ ਪੁਲਵਾਮਾ ਤੇ ਸ਼ੋਪੀਆਂ ਜ਼ਿਲ੍ਹਿਆਂ ਵਿੱਚ ਚਾਰ ਨਸ਼ਾ ਤਸਕਰਾਂ ਨੂੰ ਵੀ ਭਾਰੀ ਮਾਤਰਾ ’ਚ ਨਸ਼ਿਆਂ ਸਮੇਤ ਕਾਬੂ ਕੀਤਾ ਗਿਆ ਹੈ। ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਦੱਸਿਆ ਕਿ ਜੰਗਲੀ ਖੇਤਰ ਵਿੱਚ ਇਹ ਕਾਰਵਾਈ ਇੱਕ ਖਾਸ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇੱਕ ਏਕੇ-47 ਰਾਈਫਲ ਅਤੇ ਤਿੰਨ ਗ੍ਰਨੇਡਾਂ ਸਣੇ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਬੀਐੱਸਐੱਫ ਨੇ ਟਵੀਟ ਕੀਤਾ, ‘‘ਵਿਸ਼ੇਸ਼ ਜਾਣਕਾਰੀ ’ਤੇ, ਦਰਦੱਸਨ ਜੰਗਲ, ਕੁਪਵਾੜਾ ਵਿੱਚ ਇੱਕ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ 790 ਆਰਡੀਐੱਸ, 1 ਸਾਈਲੈਂਸਰ, 8 ਡੈਟੋਨੇਟਰ, 3 ਚੀਨੀ ਗ੍ਰਨੇਡ, 3 ਵਾਇਰਲੈੱਸ ਸਮੇਤ ਇਕ ਏਕੇ 47 ਰਾਈਫਲ ਬਰਾਮਦ ਕੀਤੀ ਗਈ।’’ ਸੁਰੱਖਿਆ ਬਲ ਸ਼ਾਂਤੀ ਬਣਾਈ ਰੱਖਣ ਲਈ ਖੇਤਰ ਵਿੱਚ ਨਿਰੰਤਰ ਯਤਨ ਕਰ ਰਹੇ ਹਨ। -ਆਈਏਐੱਨਐੱਸ