ਪੁਣੇ, 22 ਮਈ
ਐੱਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਗਾਮੀ ਰਾਜ ਸਭਾ ਚੋਣਾਂ ਲਈ ਸ਼ਿਵ ਸੈਨਾ ਵੱਲੋਂ ਚੁਣੇ ਕਿਸੇ ਵੀ ਉਮੀਦਵਾਰ ਦਾ ਸਮਰਥਨ ਕਰੇਗੀ। ਮਹਾਰਾਸ਼ਟਰ ਦੀਆਂ ਛੇ ਰਾਜ ਸਭਾ ਸੀਟਾਂ ਲਈ ਚੋਣਾਂ 10 ਜੂਨ ਨੂੰ ਹੋਣਗੀਆਂ। ਪਵਾਰ ਨੇ ਅੱਜ ਪੁਣੇ ਵਿਚ ਬ੍ਰਾਹਮਣ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਪਾਰਟੀ ਚਾਹੇ ਸੰਭਾਜੀਰਾਜੇ ਛਤਰਪਤੀ ਨੂੰ ਉਤਾਰੇ ਜਾਂ ਕਿਸੇ ਹੋਰ ਨੂੰ, ਐਨਸੀਪੀ ਸਮਰਥਨ ਕਰੇਗੀ। ਮਹਾਰਾਸ਼ਟਰ ਦੇ ਛੇ ਰਾਜ ਸਭਾ ਮੈਂਬਰਾਂ ਜਿਨ੍ਹਾਂ ਵਿਚ ਪਿਊਸ਼ ਗੋਇਲ, ਪੀ. ਚਿਦੰਬਰਮ, ਪ੍ਰਫੁਲ ਪਟੇਲ ਤੇ ਸੰਜੇ ਰਾਊਤ ਵੀ ਸ਼ਾਮਲ ਹਨ, ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ। ਭਾਜਪਾ ਕੋਲ ਜਿੰਨੇ ਵਿਧਾਇਕ ਹਨ, ਉਨ੍ਹਾਂ ਨਾਲ ਪਾਰਟੀ ਦੇ ਦੋ ਰਾਜ ਸਭਾ ਮੈਂਬਰ ਬਣ ਸਕਦੇ ਹਨ। ਸ਼ਿਵ ਸੈਨਾ, ਕਾਂਗਰਸ ਤੇ ਐਨਸੀਪੀ ਦਾ ਇਕ-ਇਕ ਮੈਂਬਰ ਰਾਜ ਸਭਾ ਲਈ ਚੁਣਿਆ ਜਾ ਸਕਦਾ ਹੈ। ਮੁਕਾਬਲਾ ਛੇਵੀਂ ਸੀਟ ਲਈ ਹੋਵੇਗਾ। ਸਾਂਭਾਜੀਰਾਜੇ ਜੋ ਕਿ ਕੋਹਲਾਪੁਰ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਹਨ ਤੇ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਵੰਸ਼ਜ ਵੀ ਹਨ, ਇਸ ਤੋਂ ਪਹਿਲਾਂ ਰਾਸ਼ਟਰਪਤੀ ਵੱਲੋਂ ਨਾਮਜ਼ਦ ਰਾਜ ਸਭਾ ਮੈਂਬਰ ਰਹਿ ਚੁੱਕੇ ਹਨ। ਹੁਣ ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਅਗਲੀ ਚੋਣ ਆਜ਼ਾਦ ਉਮੀਦਵਾਰ ਵਜੋਂ ਲੜਨਗੇ। -ਪੀਟੀਆਈ