ਸ਼ਿਲਾਂਗ, 22 ਅਕਤੂਬਰ
ਕੇਂਦਰੀ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਦੀ ਜ਼ਿੰਦਗੀ ’ਚ ਸਰਕਾਰੀ ਦਖਲ ਘਟਾਉਣਾ ਚਾਹੁੰਦੇ ਹਨ ਤੇ ਕੇਂਦਰ ਸਕਰਾਰ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ 1500 ਤੋਂ ਵੱਧ ਬੇਕਾਰ ਤੇ ਪੁਰਾਣੇ ਕਾਨੂੰਨ ਰੱਦ ਕਰੇਗੀ। ਰਿਜਿਜੂ ਨੇ ਇੱਥੇ ਰੁਜ਼ਗਾਰ ਮੇਲੇ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਕਾਨੂੰਨ ਆਮ ਲੋਕਾਂ ਦੀ ਜ਼ਿੰਦਗੀ ’ਚ ਅੜਿੱਕਾ ਹਨ ਅਤੇ ਮੌਜੂਦਾ ਸਮੇਂ ਪ੍ਰਸੰਗਿਕ ਨਹੀਂ ਹਨ ਤੇ ਨਾ ਹੀ ਕਾਨੂੰਨ ਦੀਆਂ ਕਿਤਾਬਾਂ ’ਚ ਰਹਿਣ ਲਾਇਕ ਹਨ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਦੀ ਇੱਛਾ ਹੈ ਕਿ ਲੋਕਾਂ ’ਤੇ ਨਿਯਮਾਂ ਦੀ ਪਾਲਣਾ ਦਾ ਬੋਝ ਘੱਟ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਜਿੰਨੀ ਜ਼ਿਆਦਾ ਹੋ ਸਕੇ ਸ਼ਾਂਤੀ ਨਾਲ ਰਹਿ ਸਕਣ। ਉਹ ਆਮ ਲੋਕਾਂ ਦੀ ਜ਼ਿੰਦਗੀ ’ਚ ਸਰਕਾਰੀ ਦਖਲ ਘਟਾਉਣਾ ਚਾਹੁੰਦੇ ਹਨ।’ ਉਨ੍ਹਾਂ ਕਿਹਾ, ‘ਸਾਡੀ ਐੱਨਡੀਏ ਸਰਕਾਰ ਨੇ ਸਾਰੇ ਬੇਕਾਰ ਤੇ ਪੁਰਾਣੇ ਕਾਨੂੰਨਾਂ ਨੂੰ ਹਟਾਉਣ ਦਾ ਫ਼ੈਸਲਾ ਲਿਆ ਹੈ ਕਿਉਂਕਿ ਅਣਲੋੜੀਂਦੇ ਕਾਨੂੰਨ ਆਮ ਲੋਕਾਂ ਲਈ ਇੱਕ ਬੋਝ ਹਨ। ਅਸੀਂ ਸੰਸਦ ਦੇ ਸਰਦ ਰੁੱਤ ਸੈਸ਼ਨ ’ਚ 1500 ਤੋਂ ਵੱਧ ਕਾਨੂੰਨ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਮੈਂ ਕਈ ਹੋਰ ਰੱਦ ਕਰਨ ਯੋਗ ਕਾਨੂੰਨ ਪੇਸ਼ ਕਰਨ ਲਈ ਤਿਆਰ ਹਾਂ।’
ਰਿਜਿਜੂ ਨੇ ਮੇਘਾਲਿਆ ’ਚ ਨੈਸ਼ਨਲ ਪੀਪਲਜ਼ ਪਾਰਟੀ ਦੀ ਅਗਵਾਈ ਹੇਠਲੀ ਸਰਕਾਰ ਦੀ ਸ਼ਲਾਘਾ ਕੀਤੀ ਪਰ ਇਹ ਇੱਛਾ ਜ਼ਾਹਿਰ ਕੀਤੀ ਕਿ ਆਮ ਲੋਕਾਂ ਦੇ ਵੱਧ ਲਾਭ ਲਈ ਭਾਜਪਾ ਨੂੰ ਸਰਕਾਰ ’ਚ ਜ਼ਿਆਦਾ ਭੂਮਿਕਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਪੂਰਬ-ਉੱਤਰ ’ਤੇ ਵਿਸ਼ੇਸ਼ ਧਿਆਨ ਦੇ ਰਿਹਾ ਹੈ ਅਤੇ ਅਜਿਹਾ ਕੋਈ ਕਾਰਨ ਨਹੀਂ ਹੈ ਕਿ ਇਹ ਖੇਤਰ ਕਿਸੇ ਵੀ ਖੇਤਰ ਤੋਂ ਪੱਛੜ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰਬ-ਉੱਤਰ ਨੂੰ ਖੁਸ਼ਹਾਲ ਤੇ ਭਾਰਤ ਦਾ ਮਜ਼ਬੂਤ ਦੇਸ਼ ਬਣਾਉਣਾ ਭਾਜਪਾ ਦੀ ਇੱਛਾ ਹੈ। –ਪੀਟੀਆਈ