ਤਿਰੂਵਨੰਤਪੁਰਮ, 13 ਸਤੰਬਰ
ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਕੇਰਲਾ ਵਿਚ ਤੀਜੇ ਦਿਨ ’ਚ ਦਾਖਲ ਹੋ ਗਈ ਹੈ। ਇਸ ਦੌਰਾਨ ਰੁਕ-ਰੁਕ ਕੇ ਮੀਂਹ ਵੀ ਪੈ ਰਿਹਾ ਤੇ ਲੋਕਾਂ ਦਾ ਇਕੱਠ ਵੀ ਵੱਧ ਰਿਹਾ ਹੈ। ਪਰ ਕਾਂਗਰਸ ਆਗੂ ਤੇ ਉਨ੍ਹਾਂ ਦੇ ਵੱਡੀ ਗਿਣਤੀ ਸਮਰਥਕ ਬਿਨਾਂ ਛਤਰੀ ਮੀਂਹ ’ਚ ਵੀ ਸੜਕਾਂ ’ਤੇ ਮਾਰਚ ਕਰਦੇ ਅੱਗੇ ਵਧ ਰਹੇ ਹਨ। ਜ਼ਿਕਰਯੋਗ ਹੈ ਕਿ ਗਾਂਧੀ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 3500 ਕਿਲੋਮੀਟਰ ਦੀ ਪੈਦਲ ਯਾਤਰਾ ’ਤੇ ਨਿਕਲੇ ਹਨ। ਰਾਹੁਲ ਨੇ ਅੱਜ ਕਿਹਾ ਕਿ ਭਾਵੇਂ ਯਾਤਰਾ ਕਰਨ ਵਾਲਿਆਂ ਦੇ ਪੈਰਾਂ ’ਤੇ ਛਾਲੇ ਪੈ ਗਏ ਹਨ ਪਰ ਇਹ ਜਾਰੀ ਰਹੇਗੀ। ਅੱਜ ਵੀ ਸੈਂਕੜੇ ਲੋਕਾਂ ਨੇ ਸੜਕ ਕਿਨਾਰੇ ਖੜ੍ਹ ਕੇ ਰਾਹੁਲ ਗਾਂਧੀ ਤੇ ਦੂਜੇ ‘ਪੈਦਲ ਯਾਤਰੀਆਂ’ ਦਾ ਸਵਾਗਤ ਕੀਤਾ। ਇਕ ਫੇਸਬੁੱਕ ਪੋਸਟ ਵਿਚ ਰਾਹੁਲ ਨੇ ਕਿਹਾ, ‘ਭਾਵੇਂ ਪੈਰਾਂ ਵਿਚ ਛਾਲੇ ਪੈ ਗਏ ਹਨ, ਪਰ ਅਸੀਂ ਮੁਲਕ ਨੂੰ ਇਕਜੁੱਟ ਕਰਨ ਨਿਕਲੇ ਹਾਂ, ਅਸੀਂ ਰੁਕਾਂਗੇ ਨਹੀਂ।’ ਉਨ੍ਹਾਂ ਇਕ ਵੀਡੀਓ ਕਲਿਪ ਵੀ ਪੋਸਟ ਕੀਤੀ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ ਕਿ ਯਾਤਰਾ ਅਟਿੰਗਲ ਪਹੁੰਚ ਗਈ ਹੈ। ਉੱਥੇ ਰਾਹੁਲ ਗਾਂਧੀ ਤੇ ਸਮਰਥਕਾਂ ਨੇ ਲੋਕਾਂ ਦੇ ਵੱਖ-ਵੱਖ ਸਮੂਹਾਂ ਨਾਲ ਮੁਲਾਕਾਤ ਕੀਤੀ। ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਨਫ਼ਰਤ, ਹਿੰਸਾ ਤੇ ਗੁੱਸਾ ਪੈਦਾ ਕਰ ਕੇ ਚੋਣਾਂ ਤਾਂ ਜਿੱਤੀਆਂ ਜਾ ਸਕਦੀਆਂ ਹਨ, ਪਰ ਇਸ ਨਾਲ ਦੇਸ਼ ’ਚ ਸਮਾਜਿਕ ਤੇ ਆਰਥਿਕ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ। ਰਮੇਸ਼ ਨੇ ਟਵੀਟ ਕੀਤਾ ਕਿ ਯਾਤਰਾ ਦੇ 100 ਕਿਲੋਮੀਟਰ ਪੂਰੇ ਹੋ ਗਏ ਹਨ ਤੇ ‘ਭਾਜਪਾ ਚਿੰਤਾ ਵਿਚ ਹੈ।’ ਕਾਂਗਰਸ ਦੀ 150 ਦਿਨਾਂ ਦੀ ਇਹ ਯਾਤਰਾ 12 ਰਾਜਾਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚੋਂ ਗੁਜ਼ਰੇਗੀ। -ਪੀਟੀਆਈ
ਕਾਂਗਰਸ ਤੇ ਸੀਪੀਐਮ ਨੇ ਇਕ-ਦੂਜੇ ’ਤੇ ਨਿਸ਼ਾਨਾ ਸੇਧਿਆ
ਤਿਰੂਵਨੰਤਪੁਰਮ: ‘ਭਾਰਤ ਜੋੜੋ ਯਾਤਰਾ’ ਬਾਰੇ ਕਾਂਗਰਸ ਤੇ ਸੀਪੀਐਮ ਵੱਲੋਂ ਇਕ-ਦੂਜੇ ’ਤੇ ਨਿਸ਼ਾਨਾ ਸੇਧਣ ਤੋਂ ਬਾਅਦ ਅੱਜ ਖੱਬੇ ਪੱਖੀ ਧਿਰ ਨੇ ਕਿਹਾ ਕਿ ਉਨ੍ਹਾਂ ਕੋਲ ਮਾਰਚ ਦੇ ਵਿਰੋਧ ਦਾ ਕੋਈ ਕਾਰਨ ਨਹੀਂ ਹੈ ਪਰ ਉਹ ਕਿਸੇ ਵੀ ਗੈਰਵਾਜਬ ਆਲਚੋਨਾ ਜਾਂ ਪਾਰਟੀ ਖ਼ਿਲਾਫ਼ ਟਿੱਪਣੀ ਦਾ ਜਵਾਬ ਜ਼ਰੂਰ ਦੇਣਗੇ। ਦੱਸਣਯੋਗ ਹੈ ਕਿ ਸੀਪੀਐਮ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਯੂਪੀ ਨਾਲੋਂ ਵੱਧ ਦਿਨ ਕੇਰਲਾ ਵਿਚ ਲਾ ਰਹੀ ਹੈ ਜਦਕਿ ਖੇਤਰਫਲ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਵੱਡਾ ਸੂਬਾ ਹੈ। ਸੀਪੀਐਮ ਨੇ ਸਵਾਲ ਉਠਾਇਆ ਸੀ ਕਿ ਇਹ ‘ਭਾਰਤ ਜੋੜੋ ਯਾਤਰਾ’ ਹੈ ਜਾਂ ‘ਸੀਟ ਜੋੜੋ ਯਾਤਰਾ ਹੈ’। ਟਵੀਟ ਦਾ ਜਵਾਬ ਦਿੰਦਿਆਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਸੀ ਕਿ ਸੀਪੀਐਮ ਪਹਿਲਾਂ ਇਹ ਦੇਖੇ ਕੇ ਕਿਉਂ ਯਾਤਰਾ ਇਸ ਢੰਗ ਨਾਲ ਰੱਖੀ ਗਈ ਹੈ। ਉਨ੍ਹਾਂ ਖੱਬੇ ਪੱਖੀ ਧਿਰ ਉਤੇ ਦੋਸ਼ ਲਾਇਆ ਸੀ ਕਿ ‘ਮੁੰਡੂਮੋਦੀ’ ਦੀ ਧਰਤੀ ’ਤੇ ਇਹ ਭਾਜਪਾ ਦੀ ‘ਏ’ ਟੀਮ ਹੈ। ਰਮੇਸ਼ ਦੀ ‘ਮੁੰਡੂਮੋਦੀ’ ਟਿੱਪਣੀ ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਵੱਲ ਸੇਧਤ ਸੀ। -ਪੀਟੀਆਈ
ਐਨਸੀਪੀਸੀਆਰ ਨੇ ਚੋਣ ਕਮਿਸ਼ਨ ਨੂੰ ਰਾਹੁਲ ਗਾਂਧੀ ਤੇ ਕਾਂਗਰਸ ਖਿਲਾਫ਼ ਕਾਰਵਾਈ ਕਰਨ ਲਈ ਕਿਹਾ
ਨਵੀਂ ਦਿੱਲੀ: ਬਾਲ ਅਧਿਕਾਰਾਂ ਦੀ ਸਿਖਰਲੀ ਸੰਸਥਾ ਐਨਸੀਪੀਸੀਆਰ ਨੇ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਉਹ ਕਾਂਗਰਸ ਅਤੇ ਰਾਹੁਲ ਗਾਂਧੀ ਖਿਲਾਫ਼ ਭਾਰਤ ਜੋੜੋ ਯਾਤਰਾ ਵਿੱਚ ਕਥਿਤ ਤੌਰ ‘ਤੇ ਸਿਆਸੀ ਲਾਹਾ ਲੈਣ ਲਈ ਬੱਚਿਆਂ ਨੂੰ ਸ਼ਾਮਲ ਕਰਨ ’ਤੇ ਉਨ੍ਹਾਂ ਖਿਲਾਫ਼ ਲੋੜੀਂਦੀ ਕਾਰਵਾਈ ਕਰੇ ਅਤੇ ਸ਼ਿਕਾਇਤ ਦੀ ਜਾਂਚ ਕਰੇ। ਬਾਲ ਅਧਿਕਾਰਾਂ ਦੀ ਰੱਖਿਆ ਬਾਰੇ ਕੌਮੀ ਕਮਿਸ਼ਨ ਨੇ ਕਿਹਾ ਹੈ ਕਿ ਉਸ ਨੂੰ ਇਕ ਸ਼ਿਕਾਇਤ ਮਿਲੀ ਹੈ, ਜਿਸ ਵਿਚ ਦੋਸ਼ ਲਗਾਇਆ ਗਿਆ ਹੈ ਕਿ ਗਾਂਧੀ ਅਤੇ ਜਵਾਹਰ ਬਾਲ ਮੰਚ ਸਿਆਸੀ ਲਾਹੇ ਲਈ ਬੱਚਿਆਂ ਨੂੰ ਵਰਤ ਰਹੇ ਹਨ ਤੇ ਉਨ੍ਹਾਂ ਨੂੰ ਸਿਆਸੀ ਗਤੀਵਿਧੀਆਂ ਵਿਚ ਸ਼ਾਮਲ ਕਰ ਰਹੇ ਹਨ। ਕਮਿਸ਼ਨ ਅਨੁਸਾਰ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਸੋਸ਼ਲ ਮੀਡੀਆ ’ਤੇ ਬਹੁਤ ਸਾਰੀਆਂ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹਨ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ‘ਭਾਰਤ ਜੋੜੋ, ਬੱਚੇ ਜੋੜੋ’ ਦੇ ਨਾਅਰੇ ਹੇਠ ਸਿਆਸੀ ਏਜੰਡੇ ਤਹਿਤ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਐਨਸੀਪੀਸੀਆਰ ਦਾ ਕਹਿਣਾ ਹੈ ਕਿ ਇਹ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਹੈ। ਨਿਯਮਾਂ ਅਨੁਸਾਰ ਸਿਰਫ਼ ਬਾਲਗ ਵਿਅਕਤੀ ਹੀ ਸਿਆਸੀ ਪਾਰਟੀ ਦਾ ਹਿੱਸਾ ਹੋ ਸਕਦੇ ਹਨ। -ਏਜੰਸੀ