ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਜੁਲਾਈ
ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਅੱਜ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੁਲੀਸ ਨਾਲ ਮੰਗਲਵਾਰ ਨੂੰ ਦੁਬਾਰਾ ਮੀਟਿੰਗ ਕੀਤੀ ਜਾਵੇਗੀ, ਜੇ ਇਸ ਦੌਰਾਨ ਵੀ ਗੱਲ ਕਿਸੇ ਤਣ-ਪੱਤਣ ਨਾ ਲੱਗੀ ਤਾਂ ਕਿਸਾਨਾਂ ਵੱਲੋਂ ਗ੍ਰਿਫ਼ਤਾਰੀਆਂ ਦਿੱਤੀਆਂ ਜਾਣਗੀਆਂ। ਦਿੱਲੀ ਪੁਲੀਸ ਵੱਲੋਂ ਪਿਛਲੀ ਮੀਟਿੰਗ ਵਿੱਚ ‘ਕਿਸਾਨ ਸੰਸਦ’ ਲਈ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦੀ 9 ਮੈਂਬਰੀ ਕਮੇਟੀ ਵੱਲੋਂ ‘ਕਿਸਾਨ ਸੰਸਦ’ ਸਬੰਧੀ ਮੰਗਲਵਾਰ ਨੂੰ ਮੁੜ ਬੈਠਕ ਕੀਤੀ ਜਾਵੇਗੀ। ਨਾਲ ਹੀ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਰੋਸ ਪ੍ਰਦਰਸ਼ਨ ਬਾਰੇ ਮੀਟਿੰਗ ਹੋਵੇਗੀ, ਜਿਸ ਵਿੱਚ ਪੰਜਾਬ ਤੋਂ ਆ ਕੇ ਕਿਸਾਨ ਸੰਸਦ ਵਿੱਚ ਆਉਣ ਵਾਲੇ ਕਿਸਾਨਾਂ ਲਈ ਪ੍ਰਬੰਧ ਕਰਨ ਤੇ ਸ਼ਰਾਰਤੀ ਤੱਤਾਂ ਦਾ ਦਾਖ਼ਲਾ ਰੋਕਣ ਦੇ ਉਪਾਅ ਕੀਤੇ ਜਾਣਗੇ। ਪੁਲੀਸ ਨੇ ਪਿਛਲੀ ਮੀਟਿੰਗ ਵਿੱਚ ‘ਕਿਸਾਨ ਸੰਸਦ’ ਲਈ ਬਦਲਵੀਂ ਥਾਂ ਦੇਣ ਦੀ ਗੱਲ ਕੀਤੀ ਸੀ, ਜਿਸ ਨੂੰ ਕਿਸਾਨ ਆਗੂਆਂ ਨੇ ਠੁਕਰਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ 22 ਜੁਲਾਈ ਨੂੰ ਸੰਸਦ ਵੱਲ ਰੋਜ਼ਾਨਾ ਜਾਣ ਵਾਲੇ 200 ਕਿਸਾਨਾਂ ਦੀਆਂ ਸੂਚੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੋਰ ਸੂਬਿਆਂ ਤੋਂ ਵੀ ਕਿਸਾਨ ਉਕਤ ਜੱਥਿਆਂ ਵਿੱਚ ਸ਼ਾਮਲ ਹੋਣ ਲਈ ਮੋਰਚਿਆਂ ’ਚ ਪਹੁੰਚ ਚੁੱਕੇ ਹਨ। ਗਾਜ਼ੀਪੁਰ ਦੇ ਮੋਰਚੇ ’ਤੇ ਵੀ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਤੋਂ ਕਿਸਾਨਾਂ ਦੇ ਜੱਥੇ ਪੁੱਜ ਰਹੇ ਹਨ।